ਚੱਬੇਵਾਲ, 17 ਜੂਨ (ਰਾਜੀਵ ਭਾਰਦਵਾਜ)-ਚੱਬੇਵਾਲ ਨੇੜੇ ਟਿੱਪਰ ਅਤੇ ਕੈਂਟਰ ਦੀ ਟੱਕਰ ਨਾਲ ਟਿੱਪਰ ਚਾਲਕ ਦੀ ਮੌਤ ਹੋ ਗਈ ਅਤੇ ਕੈਂਟਰ ਚਾਲਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਪਗ 10 ਵਜੇ ਚੱਬੇਵਾਲ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪਿੰਡ ਮਹਿਨਾ ਨਜ਼ਦੀਕ ਇਕ ਟਿੱਪਰ ਅਤੇ ਛੋਟਾ ਕੈਂਟਰ (709) ਦੀ ਆਹਮੋ- ਸਾਹਮਣੇ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਬਜਰੀ ਨਾਲ ਭਰਿਆ ਟਿੱਪਰ ਨੰਬਰ ਐਚ.ਪੀ. 72 ਸੀ-0676 ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ ਅਤੇ ਕੈਂਟਰ ਨੰਬਰ ਪੀ.ਬੀ. 02 ਈ.ਵੀ. 1602 ਚੱਬੇਵਾਲ ਵੱਲ ਨੂੰ ਆ ਰਿਹਾ ਸੀ। ਦੋਨੋ ਗੱਡੀਆਂ ਪਿੰਡ ਮਹਿਨਾ ਕੋਲ ਮੁੱਖ ਮਾਰਗ ‘ਤੇ ਮੋੜ ਤੇ ਆਹਮੋ ਸਾਹਮਣੇ ਟਕਰਾ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਕੈਂਟਰ ਦੇ ਚਾਲਕ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਦਕਿ ਟਿੱਪਰ ਚਾਲਕ ਨੂੰ ਕਾਫ਼ੀ ਜੱਦੋ-ਜਹਿਦ ਨਾਲ ਟਿੱਪਰ ‘ਚੋਂ ਬਾਹਰ ਕੱਢਿਆ ਅਤੇ ਪੁਲਿਸ ਨੇ ਆਪਣੀ ਗੱਡੀ ‘ਚ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਚੱਬੇਵਾਲ ਪੁਲਿਸ ਦੇ ਡਿਊਟੀ ਇੰਚਾਰਜ ਏ.ਐਸ.ਆਈ ਮੋਹਨ ਚੰਦ ਨੇ ਦੱਸਿਆ ਕਿ ਕੈਂਟਰ ਚਾਲਕ ਦੀ ਪਹਿਚਾਣ ਰਸ਼ੀਦ ਪੁੱਤਰ ਦਲਵੀਰ ਸਿੰਘ ਵਾਸੀ ਕੰਧਾਲਾ ਸ਼ੇਖ਼ਾਂ ਜ਼ਿਲ੍ਹਾ ਹੁਸ਼ਿਆਰਪੁਰ, ਜਦਕਿ ਮ੍ਰਿਤਕ ਟਿੱਪਰ ਚਾਲਕ ਦੀ ਪਹਿਚਾਣ ਅਮਰ ਸਿੰਘ ਪੁੱਤਰ ਰਜਿੰਦਰ ਸਿੰਘ ਪਿੰਡ ਹਰੋਲੀ ਜ਼ਿਲ੍ਹਾ ਊਨਾ (ਹਿ:ਪ੍ਰ:) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਟਿੱਪਰ ਅਤੇ ਕੈਂਟਰ ਦੀ ਟੱਕਰ ‘ਚ ਵਿਅਕਤੀ ਦੀ ਮੌਤ
ਅਜੀਤ ਡੈਸਕ
18-06-2026