ਗੜ੍ਹਸ਼ੰਕਰ, 23 ਜੂਨ (ਧਾਲੀਵਾਲ)-ਗੜ੍ਹਸ਼ੰਕਰ ਦੇ ਹੋਟਲ ਓਇਸਸ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਯੁਵਾ ਸੰਮੇਲਨ ਕਰਵਾਉਂਦੇ ਹੋਏ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ ਮਨਾਇਆ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਐੱਮ. ਪੀ. ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਅਵਿਨਾਸ਼ ਰਾਏ ਖੰਨਾ ਨੇ ਸ਼ਿਆਮਾ ਪ੍ਰਸ਼ਾਦ ਦੀ ਤਸਵੀਰ ’ਤੇ ਫ਼ੁਲ ਮਲਾਵਾਂ ਭੇਟ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਦੇਸ਼ ਦੇ ਕਿਸੇ ਵੀ ਕੋਨੇ ਤੋਂ ਕਸ਼ਮੀਰ ਨੂੰ ਜਾਣ ਵਾਲੇ ਲੋਕਾਂ ਲਈ ਲਗਾਈ ਗਈ ਪਰਮਿਟ ਪ੍ਰਥਾ ਨੂੰ ਖ਼ਤਮ ਕਰਨ ਲਈ ਬਲੀਦਾਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਧਾਰਾ 370 ਕਾਰਨ ਦੇਸ਼ ਵੰਡਿਆ ਹੋਇਆ ਸੀ ਤੇ ਕਸ਼ਮੀਰ ਵਿਚ ਮਾਨਵਤਾ ਦਾ ਵੱਡਾ ਘਾਣ ਹੋ ਰਿਹਾ ਹੈ। ਭਾਜਪਾ ਨੇ ਡਾ. ਸ਼ਿਆਮਾ ਪ੍ਰਸ਼ਾਦ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਕੇ ਇਕ ਸੰਵਿਧਾਨ ਨੂੰ ਲਾਗੂ ਕੀਤਾ। ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਯੁਵਾ ਸੰਮੇਲਨ ਦੌਰਾਨ ਨੌਜਵਾਨਾਂ ਨੇ ਧਾਰਾ 370 ਕਾਰਨ ਵੰਡੇ ਹੋਏ ਦੇਸ਼ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਨੌਜਵਾਨਾਂ ’ਚ ਸੇਵਾ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵਲੋਂ ਦਿੱਤੇ ਸੰਦੇਸ਼ ’ਤੇ ਚੱਲਦਿਆਂ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਤੇ ਹੋਰ ਵਰਗਾਂ ਨੂੰ ਭਾਜਪਾ ਦੀਆਂ ਪਾਲਿਸੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਤੋਂ ਜਾਣੂ ਕਰਵਾਉਂਦੇ ਹੋਏ ਪਾਰਟੀ ਵਲੋਂ ਗ਼ਰੀਬ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਉਣ ਤੇ ਪਾਰਟੀ ਦੇ ਵਿਸਥਾਰ ਲਈ ਅੱਗੇ ਵਧਣ ਲਈ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਮੇਲਨ ਦੌਰਾਨ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਬਲੱਡ ਬੈਂਕ ਨੂੰ ਚਾਲੂ ਕਰਵਾਉਣ ਲਈ 150 ਲੋਕਾਂ ਵਲੋਂ ਦਸਤਖ਼ਤ ਕੀਤਾ ਮੰਗ-ਪੱਤਰ ਵੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੈਲਾ ਖ਼ੁਰਦ ਪੇਪਰ ਮਿੱਲ ਦੇ ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਦੇ ਵਰਕਰ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਖੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 117 ਸੀਟਾਂ ’ਤੇ ਚੋਣ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਗੱਠਜੋੜ ਦਾ ਫ਼ੈਸਲਾ ਹਾਈਕਮਾਨ ਦੇ ਹੱਥ ਹੈ। ਇਸ ਮੌਕੇ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ, ਅਵਤਾਰ ਸਿੰਘ ਡਾਂਡੀਆ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਠੇਕੇਦਾਰ ਭਜਨ ਸਿੰਘ, ਕਰਨੈਲ ਸਿੰਘ, ਅਨੂਪ ਸਿੰਘ ਭੱਦਰੂ ਜੇ.ਡੀ.ਯੂ., ਬੌਵੀ ਸੈਲਾ, ਅਸ਼ਵਨੀ ਠਾਕੁਰ, ਰਮਨ ਸਮੁੰਦੜਾ, ਉਂਕਾਰ ਸਿੰਘ ਚਾਹਲਪੁਰੀ, ਸੰਜੀਵ ਕਟਾਰੀਆ, ਨਵੀਨ ਬਸੀ, ਬੱਗੂ ਪਠਾਣੀਆਂ ਤੇ ਹੋਰ ਹਾਜ਼ਰ ਹੋਏ।
ਪੰਜਾਬੀ ਨੌਜਵਾਨਾਂ ’ਚ ਕੁੱਟ ਕੁੱਟ ਕੇ ਭਰੀ ਹੋਈ ਹੈ ਸੇਵਾ ਦੀ ਭਾਵਨਾ-ਅਵਿਨਾਸ਼ ਰਾਏ ਖੰਨਾ
ਅਜੀਤ ਡੈਸਕ
24-06-2026