ਲੁਧਿਆਣਾ, 23 ਜੂਨ (ਜਸਵਿੰਦਰ ਸਿੰਘ)-ਡੇਅਰੀ ਵਿਕਾਸ ਵਿਭਾਗ ਵਲੋਂ ਆਪਣੇ ਬੀਜਾ ਦਫ਼ਤਰ ਵਿਖੇ ਦੁੱਧ ਦੀ ਗੁਣਵੱਤਾ ਜਾਂਚ ਲਈ ਸੈਂਪਲ ਟੈਸਟਿੰਗ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਸੁਰਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਕੈਬਨਿਟ ਮੰਤਰੀ ਪਸ਼ੂ ਪਾਲਨ, ਮੱਛੀ ਪਾਲਨ, ਡੇਅਰੀ ਵਿਕਾਸ ਵਿਭਾਗ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਅਤੇ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰਾਂ ਨੂੰ ਸ਼ੁੱਧ ਤੇ ਮਿਆਰੀ ਦੁੱਧ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਦੁੱਧ ਦੀ ਗੁਣਵੱਤਾ ਜਾਂਚ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਦੁੱਧ ਉਤਪਾਦਕਾਂ, ਡੇਅਰੀ ਫਾਰਮਰਾਂ, ਦੁੱਧ ਵਿਕ੍ਰੇਤਾਵਾਂ ਤੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੁੱਧ ਦੇ ਸੈਂਪਲਾਂ ਦੀ ਜਾਂਚ ਕਰਵਾਉਣ ਲਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਬੀਜਾ ਵਿਖੇ ਸੰਪਰਕ ਕਰ ਸਕਦੇ ਹਨ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9:00 ਵਜੇ ਤੋ 11:00 ਵਜੇ ਤੱਕ ਪਹੁੰਚ ਕਰਕੇ ਦੁੱਧ ਚੈੱਕ ਕਰਵਾ ਸਕਦੇ ਹਨ ਅਤੇ ਸ਼ੁੱਧ ਦੁੱਧ ਮੁਹਿੰਮ ਨੂੰ ਕਾਮਯਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।
ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਦੀ ਗੁਣਵੱਤਾ ਜਾਂਚ ਲਈ ਸੈਂਪਲ ਟੈਸਟਿੰਗ ਦੀ ਸਹੂਲਤ ਉਪਲਬਧ-ਡਿਪਟੀ ਡਾਇਰੈਕਟਰ
ਅਜੀਤ ਡੈਸਕ
24-06-2026