ਰਾਮਗੜ੍ਹ ਸੀਕਰੀ, 14 ਜੁਲਾਈ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਪੱਲੀ ਵਿਚ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਅਤੇ ਤਕੜਾ ਸਮਰਥਨ ਮਿਲਿਆ ਜਦੋਂ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਅਨੇਕਾਂ ਪਰਿਵਾਰ ਵਿਧਾਇਕ ਘੁੰਮਣ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਪਿੰਡ ਪਹੁੰਚਣ ’ਤੇ ਸਰਪੰਚ ਮੀਨਾ ਕੁਮਾਰੀ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ ਅਤੇ ਪਿੰਡ ਨਿਵਾਸੀ ਵਲੋਂ ਵਿਧਾਇਕ ਘੁੰਮਣ ਦਾ ਨਿੱਘਾ ਅਤੇ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਸਮੁੱਚੀ ਪੰਚਾਇਤ ਜਿਸ ਵਿਚ ਸਰਪੰਚ ਮੀਨਾ ਕੁਮਾਰੀ, ਪੰਚ ਸ਼ਿਮਲਾ ਦੇਵੀ, ਪੰਚ ਰਾਜ ਕੁਮਾਰੀ, ਪੰਚ ਜਿੰਮੀ ਪਲਿਆਲ, ਪੰਚ ਵੀਰ ਸਿੰਘ, ਪੰਚ ਸ੍ਰੀ ਰਾਮ ਤੇ ਪਿੰਡ ਦੇ ਅਨੇਕਾਂ ਪਰਿਵਾਰਾਂ ਨੇ ਵਿਧਾਇਕ ਘੁੰਮਣ ਦੀ ਸ਼ਖ਼ਸੀਅਤ, ਵਿਕਾਸ ਮੁਖੀ ਸੋਚ, ਮਿਲਣਸਾਰ ਤੇ ਕਰਮਸ਼ੀਲਤਾ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ। ਪਿੰਡ ਵਿਚੋਂ ਮਿਲੇ ਵੱਡੇ ਜਨ ਸਮਰਥਨ ਦੇ ਨਤੀਜਨ ਵਿਧਾਇਕ ਘੁੰਮਣ ਨੇ ਬੋਲਦਿਆਂ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਨੂੰ ਮੈਂ ਟੁੱਟਣ ਨਹੀਂ ਦੇਵਾਂਗਾ ਅਤੇ ਇਲਾਕੇ ਦੀ ਬਿਹਤਰੀ ਲਈ ਰਾਤ-ਦਿਨ ਇੱਕ ਕਰ ਦਿਆਂਗਾ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣੇਗੀ। ਇਸ ਮੌਕੇ ਵਿਧਾਇਕ ਘੁੰਮਣ ਨੇ ਪਿੰਡ ਦੇ ਵਿਕਾਸ ਕਮਾ ਲਈ 2 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਇਸ ਮੌਕੇ ਕੁਲਦੀਪ ਕੁਮਾਰ ਮੈਂਬਰ ਜ਼ਿਲ੍ਹਾ ਪਰਿਸ਼ਦ, ਸਰਪੰਚ ਧਰਮਵੀਰ ਸ਼ਰਮਾ, ਸਰਪੰਚ ਵਿਨੋਦ ਸ਼ਰਮਾ, ਲੰਬੜਦਾਰ ਕੇਵਲ ਕ੍ਰਿਸ਼ਨ, ਸ਼ਿਵ ਦੱਤ ਪਲਿਆਲ, ਰਾਮ ਪਾਲ, ਅਜੇ ਕੁਮਾਰ ਸ਼ਰਮਾ, ਹਰਬੰਸ ਲਾਲ ਆਦਿ ਹਾਜ਼ਰ ਸਨ।
ਪਿੰਡ ਪੱਲੀ ’ਚ ਆਮ ਆਦਮੀ ਪਾਰਟੀ ਨੂੰ ਮਿਲਿਆ ਸਮਰਥਨ, ਪੰਚਾਇਤ ਤੇ ਕਈ ਪਰਿਵਾਰ ਪਾਰਟੀ ’ਚ ਸ਼ਾਮਿਲ
ਅਜੀਤ ਡੈਸਕ
15-07-2026