ਮੁਕੇਰੀਆਂ, 14 ਜੁਲਾਈ (ਰਾਮਗੜ੍ਹੀਆ)- ਮਾਨਸਰ ਵਿਖੇ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਅਤੇ ਸੂਬਾ ਜਨਰਲ ਸਕੱਤਰ ਯੂਥ ਭਾਜਪਾ ਪੰਜਾਬ, ਆਭਾਸ ਸ਼ਾਕਰ (ਮਿੱਕੀ) ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਭਾਜਪਾ ਦੇ ਵਰਕਰਾਂ ਦੀ ਭਾਰੀ ਹਾਜ਼ਰੀ ਰਹੀ ਅਤੇ ਆਉਣ ਵਾਲੇ ਸੰਗਠਨਾਤਮਕ ਪ੍ਰੋਗਰਾਮਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਵਰਕਰਾਂ ਨੂੰ ਇਸ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਸ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਆਗੂਆਂ ਨੇ 15 ਜੁਲਾਈ ਨੂੰ ਮੁਕੇਰੀਆਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ’ਤੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉੱਤਰੀ ਤੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਹੁਣ ਜਦੋਂ ਸਰਕਾਰ ਦਾ ਕਾਰਜਕਾਲ ਆਪਣੇ ਆਖ਼ਰੀ ਕੁੱਝ ਮਹੀਨਿਆਂ ’ਚ ਹੈ ਤਾਂ ਲੋਕਾਂ ਨੂੰ ਨਵੇਂ ਐਲਾਨਾਂ ਤੇ ਵਾਅਦਿਆਂ ਰਾਹੀਂ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੁਕੇਰੀਆਂ ਦੇ ਲੋਕ ਸਰਕਾਰ ਤੋਂ ਆਪਣੇ 4 ਸਾਲਾਂ ਦੇ ਕੰਮ ਦਾ ਹਿਸਾਬ ਮੰਗਣਗੇ ਤੇ ਭਾਜਪਾ ਵਰਕਰ ਮੁੱਖ ਮੰਤਰੀ ਦੇ ਦੌਰੇ ਦੌਰਾਨ ਲੋਕਾਂ ਤੱਕ ਸਰਕਾਰ ਦੀਆਂ ਨਾਕਾਮੀਆਂ ਨੂੰ ਤੱਥਾਂ ਸਮੇਤ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਦੇ ਹੱਕਾਂ ਦੀ ਲੜਾਈ ਲਗਾਤਾਰ ਲੜਦੀ ਰਹੇਗੀ ਤੇ ਪੰਜਾਬ ਵਿਚ ਇਕ ਮਜ਼ਬੂਤ ਤੇ ਜਵਾਬਦੇਹ ਵਿਕਲਪ ਵਜੋਂ ਲੋਕਾਂ ਦੀ ਆਵਾਜ਼ ਬਣੇਗੀ। ਇਸ ਮੌਕੇ ਸੁਰਿੰਦਰ ਸਿੰਘ ਕਾਲਾ, ਦਵਿੰਦਰ ਬਬਲੀ, ਡਾ. ਸੰਤੋਖ ਸਿੰਘ, ਪ੍ਰੇਮ ਕੁਮਾਰ ਬਿੱਟੂ, ਸੋਨੂੰ ਮਾਨਸਰ, ਡਾ. ਬਿੱਟੂ ਮਾਨਸਰ, ਖਜਾਨ ਸਿੰਘ, ਸੋਨੀਆ, ਉਪਿੰਦਰ, ਕਾਲਾ ਹਲੇਰ, ਰਸਾਲ, ਸਰਵਣ ਸਿੰਘ ਜੇ.ਈ. ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।
ਸ੍ਰੀ ਅਰੁਣੇਸ਼ ਸ਼ਾਕਰ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ
ਅਜੀਤ ਡੈਸਕ
15-07-2026