09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡਘਾਮ ਤੇ ਹੋਰ ਪਿੰਡਾਂ ਦੇ ਕਿਸਾਨ ਨਿਰੰਤਰ ਬਿਜਲੀ ਸਪਲਾਈ ਨਾ ਆਉਣ ਤੋਂ ਪ੍ਰੇਸ਼ਾਨ, ਮੋਇਲਾ ਫੀਡਰ ਅਧੀਨ ਆਉਂਦੇ ਪਿੰਡਾਂ ਦਾ ਜ਼ਿਆਦਾ ਮਾੜਾ ਹਾਲ

ਅਜੀਤ ਡੈਸਕ 18-07-2026
ਗੜ੍ਹਸ਼ੰਕਰ, 17 ਜੁਲਾਈ (ਧਾਲੀਵਾਲ)- ਇਕ ਪਾਸੇ ਸਰਕਾਰ ਵਲੋਂ ਝੋਨੇ ਦੀ ਫ਼ਸਲ ਨੂੰ ਲੈ ਕੇ ਮੋਟਰਾਂ ਦੀ ਬਿਜਲੀ ਸਪਲਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਪਰ ਉਸਦੇ ਉਲਟ ਮੋਟਰਾਂ ਦੀ ਨਿਰੰਤਰ ਬਿਜਲੀ ਸਪਲਾਈ ਨਾ ਆਉਣ ਕਰਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਪ੍ਰੇਸ਼ਾਨੀ ਇਲਾਕੇ ਦੇ ਪਿੰਡ ਡਘਾਮ ਅਤੇ ਮੋਇਲਾ ਵਾਹਿਦਪੁਰ ਫੀਡਰ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਨੂੰ ਹੋ ਰਹੀ ਹੈ ਜਿਥੇ ਝੋਨੇ ਦੀ ਫ਼ਸਲ ਪਾਲਣੀ ਵੀ ਮੁਸ਼ਕਿਲ ਹੋਈ ਪਈ ਹੈ। ਕਿਸਾਨਾਂ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਪਿੰਡ ਡਘਾਮ ਅਤੇ ਮੋਇਲਾ ਫੀਡਰ ਦੀ ਬਿਜਲੀ ਸਪਲਾਈ ਅੱਠ ਘੰਟੇ ਵੀ ਨਹੀਂ ਮਿਲ ਰਹੀ। ਰੋਜ਼ਾਨਾ ਹੀ 5 ਘੰਟੇ ਦਾ ਬਿਜਲੀ ਕੱਟ ਪੱਕਾ ਹੀ ਲੱਗਦਾ ਹੈ। ਇਸ ਤੋਂ ਇਲਾਵਾ ਵੀ ਦਿਨ ਤੇ ਰਾਤ ਨੂੰ ਘੰਟਿਆਂ ਬੱਧੀ ਬਿਜਲੀ ਕੱਟ ਲਗਾਏ ਜਾ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਪਾਲਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਿਸਾਨਾਂ ਦੇ ਝੋਨੇ ਦੇ ਖੇਤਾਂ ਵਿਚ ਤਾਂ ਤਰੇੜਾਂ ਵੀ ਫੱਟ ਗਈਆਂ ਹਨ ਅਤੇ ਕਿਆਰਿਆਂ ਵਿਚ ਪਾਣੀ ਵੀ ਪੂਰਾ ਨਹੀਂ ਹੋ ਰਿਹਾ। ਕਿਸਾਨਾਂ ਨੇ ਦੱਸਿਆ ਕਿ ਜੇਕਰ ਬਿਜਲੀ ਆਉਂਦੀ ਵੀ ਹੈ ਤਾਂ ਵੋਲਟੇਜ ਘੱਟ ਹੋਣ ਕਰਕੇ ਮੋਟਰਾਂ ਪਾਣੀ ਬਹੁਤ ਥੋੜ੍ਹਾ ਕੱਢ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਕੋਈ ਨਾ ਕੋਈ ਖ਼ਰਾਬੀ ਹੋਣ ਕਰਕੇ ਵੀ ਬਿਜਲੀ ਬੰਦ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰੀ ਸਬੰਧਿਤ ਕਰਮਚਾਰੀਆਂ ਨੂੰ ਫ਼ੋਨ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਜਾਂਦਾ ਤੇ ਖ਼ਰਾਬ ਹੋਈ ਬਿਜਲੀ ਸਪਲਾਈ ਨੂੰ ਮੁੜ ਚਾਲੂ ਕਰਨ ਲਈ ਲਾਰੇ ਲੱਪੇ ਲਾ ਕੇ ਡੰਗ ਸਾਰਿਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਤਲਵਾੜਾ ’ਚ ਕੱਲ੍ਹ ‘ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ’ਚ ਕੈਲਾਸ਼ ਖੇਰ ਕਰਨਗੇ ਸੂਫ਼ੀਆਨਾ ਪੇਸ਼ਕਾਰੀ ਅਗਲੀ ਖ਼ਬਰ ਮੁਲਾਜ਼ਮਾਂ ਵਲੋਂ ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।