08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਹੁਸ਼ਿਆਰਪੁਰ ਨਗਰ ਨਿਗਮ ’ਤੇ ‘ਆਪ’ ਦਾ ਕਬਜ਼ਾ

ਹੁਸ਼ਿਆਰਪੁਰ, 7 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਆਮ ਆਦਮੀ ਪਾਰਟੀ ਵਲੋਂ ਹੁਸ਼ਿਆਰਪੁਰ ਨਗਰ ਨਿਗਮ ’ਤੇ ਕਬਜ਼ਾ ਕਰ ਲਿਆ ਗਿਆ। ਸ਼ੁੱਕਰਵਾਰ ਨੂੰ ਨਿਗਮ ਦਫ਼ਤਰ ਵਿਖੇ ਹੋਈ ਚੋਣ ਵਿਚ ਲਗਾਤਾਰ 6 ਵਾਰ ਕੌਂਸਲਰ ਬਣੇ ਪ੍ਰਵੀਨ ਸੈਣੀ ਨੂੰ ਮੇਅਰ ਚੁਣ ਲਿਆ ਗਿਆ।

ਅਜੀਤ ਡੈਸਕ 08-08-2026
ਹੁਸ਼ਿਆਰਪੁਰ, 7 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਆਮ ਆਦਮੀ ਪਾਰਟੀ ਵਲੋਂ ਹੁਸ਼ਿਆਰਪੁਰ ਨਗਰ ਨਿਗਮ ’ਤੇ ਕਬਜ਼ਾ ਕਰ ਲਿਆ ਗਿਆ। ਸ਼ੁੱਕਰਵਾਰ ਨੂੰ ਨਿਗਮ ਦਫ਼ਤਰ ਵਿਖੇ ਹੋਈ ਚੋਣ ਵਿਚ ਲਗਾਤਾਰ 6 ਵਾਰ ਕੌਂਸਲਰ ਬਣੇ ਪ੍ਰਵੀਨ ਸੈਣੀ ਨੂੰ ਮੇਅਰ ਚੁਣ ਲਿਆ ਗਿਆ। ਸੈਣੀ ਹੁਸ਼ਿਆਰਪੁਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਹਨ। ਸਾਬਕਾ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਬਹੁਮਤ ਹੋਣ ਕਰਕੇ ‘ਆਪ’ ਨੂੰ ਵਿਰੋਧੀ ਧਿਰ ਵਲੋਂ ਕਿਸੇ ਤਰਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਪਾਰਟੀ ਦੇ ਆਪਣੇ ਕੁੱਝ ਕੌਂਸਲਰਾਂ ਨੇ ਉਮੀਦਵਾਰਾਂ ਦੀ ਚੋਣ ’ਤੇ ਸਵਾਲ ਉਠਾਏ। ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਚੁਣੇ ਜਾਣ ਵਾਲੇ ਉਮੀਦਵਾਰਾਂ ਦੇ ਨਾਂਵਾਂ ਦਾ ਲਿਫ਼ਾਫ਼ਾ ਲੈ ਕੇ ਆਏ। ਮੀਟਿੰਗ ਹਾਲ ’ਚ ਜਾਣ ਤੋਂ 2-4 ਮਿੰਟ ਪਹਿਲਾਂ ਇਸ ਦੀ ਜਾਣਕਾਰੀ ਕੌਂਸਲਰਾਂ ਨੂੰ ਦਿੱਤੀ ਗਈ। ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਹਾਜ਼ਰੀ ’ਚ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਕਾਂਗਰਸ ਦੇ ਮੈਂਬਰ ਸਹੁੰ ਚੁੱਕਣ ਤੋਂ ਬਾਅਦ ਹਾਊਸ ਤੋਂ ਬਾਹਰ ਚਲੇ ਗਏ। ਬਾਕੀ ਦੇ ਕੌਂਸਲਰਾਂ ਨੂੰ ਜਦੋਂ ਉਮੀਦਵਾਰਾਂ ਦੇ ਹੱਕ ਵਿਚ ਹੱਥ ਖੜ੍ਹੇ ਕਰਨ ਲਈ ਆਖਿਆ ਗਿਆ ਤਾਂ ਨਾਰਾਜ਼ ਮੈਂਬਰਾਂ ਨੇ ਹੱਥ ਖੜ੍ਹੇ ਕਰਨ ਤੋਂ ਇਨਕਾਰ ਕਰ ਦਿੱਤਾ। ਮੇਅਰ ਨੂੰ ਮਸਾਂ ਹੀ 26 ਕੌਂਸਲਰਾਂ ਦਾ ਸਮਰਥਨ ਮਿਲਿਆ ਜਦੋਂਕਿ ਡਿਪਟੀ ਮੇਅਰ ਲਈ ਕੇਵਲ 20 ਕੌਂਸਲਰਾਂ ਨੇ ਹੀ ਹੱਥ ਖੜ੍ਹੇ ਕੀਤੇ। ਇਸ ਦੇ ਬਾਵਜੂਦ ਇਨ੍ਹਾਂ ਨੂੰ ਸਰਬ ਸੰਮਤੀ ਨਾਲ ਚੁਣਿਆ ਐਲਾਨ ਦਿੱਤਾ ਗਿਆ। ਮੀਟਿੰਗ ਖਤਮ ਹੋਣ ਤੋਂ ਬਾਅਦ ਵੀ ਨਾਰਾਜ਼ ਕੌਂਸਲਰਾਂ ਦਾ ਰੋਸ ਜਾਰੀ ਰਿਹਾ। ਕੌਂਸਲਰ ਬਲਵੰਤ ਰਾਏ, ਮੁਖੀ ਰਾਮ, ਬਲਵਿੰਦਰ ਬਿੰਦੀ, ਬਲਵਿੰਦਰ ਕਤਨਾ ਆਦਿ ਨੇ ਖੁੱਲ੍ਹ ਕੇ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਵਿਧਾਇਕ ਨੂੰ ਪੁੱਛਿਆ ਕਿ ਅਹੁਦੇ ਦੇਣ ਲਈ ਕਿਹੜੇ ਮਾਪਦੰਡ ਅਪਣਾਏ ਗਏ। ਜਿੰਪਾ ਕਈ ਚਿਰ ਗੁੱਸੇ ਕੌਂਸਲਰਾਂ ਨੂੰ ਮਨਾਉਣ ’ਚ ਲੱਗੇ ਰਹੇ ਪਰ ਉਨ੍ਹਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਸ਼ਿੰਦਾ, ਜਿਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਡਿਮੋਸ਼ਨ ਦੇ ਕੇ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ, ਵੀ ਕਾਫ਼ੀ ਨਾਖੁਸ਼ ਦਿਖੇ। ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਉਹ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਕਤਹਿ ਕਬੂਲ ਨਹੀਂ ਕਰਨਾ ਚਾਹੁੰਦੇ ਸਨ ਪਰ ਪਾਰਟੀ ਵਲੋਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ। ਨਾਰਾਜ਼ ਕੌਂਸਲਰਾਂ ਨੇ ਇਹ ਵੀ ਮੁੱਦਾ ਉਠਾਇਆ ਕਿ ਉਮੀਦਵਾਰਾਂ ਦੇ ਨਾਂਵਾਂ ਦਾ ਪ੍ਰਸਤਾਵ ਕੌਂਸਲਰਾਂ ਵਲੋਂ ਨਹੀਂ ਬਲਕਿ ਵਿਧਾਇਕ ਵਲੋਂ ਪੇਸ਼ ਕੀਤਾ ਗਿਆ। ਪ੍ਰਸਤਾਵਾਂ ਦੀ ਤਾਈਦ ਵੀ ਕੌਂਸਲਰਾਂ ਵਲੋਂ ਨਹੀਂ ਕਰਵਾਈ ਗਈ ਬਲਕਿ ਹੱਥ ਖੜ੍ਹੇ ਕਰਵਾਏ ਗਏ। ਸਾਰੇ ਰੌਲੇ ਰੱਪੇ ਦੇ ਦੌਰਾਨ ਕੈਬਨਿਟ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਸੋਚ ਵਿਚਾਰ ਕੇ ਹੀ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰ ਇਕਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ। ਦੂਜੇ ਪਾਸੇ ਮੇਅਰ ਪ੍ਰਵੀਨ ਸੈਣੀ ਨੇ ਕਿਹਾ ਕਿ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤਨਦੇਹੀ ਨਾਲ ਕੰਮ ਕਰਨਗੇ। ਪਹਿਲਾਂ ਉਹ ਕੇਵਲ ਆਪਣੇ ਵਾਰਡ ਨੂੰ ਸਮਰਪਿਤ ਸਨ ਅਤੇ ਹੁਣ ਪੂਰੇ ਸ਼ਹਿਰ ਦੀ ਜਿੰਮੇਵਾਰੀ ਉਨ੍ਹਾਂ ’ਤੇ ਹੈ। ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬੇਹਤਰ ਬਣਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ।
ਪਿਛਲੀ ਖ਼ਬਰ ਨੂਰਮਹਿਲ ਅਤੇ ਬਿਲਗਾ ਖੇਤਰ ਵਿੱਚ ਬਿਨ੍ਹਾਂ ਦਸਤਾਵੇਜ਼ਾਂ ਤੋਂ ਧੜੱਲੇ ਨਾਲ ਦੌੜ ਰਹੀਆਂ ਸਕੂਲੀ ਬੱਸਾਂ, ਪ੍ਰਸ਼ਾਸਨ ਦੀ ਚੁੱਪੀ... ਅਗਲੀ ਖ਼ਬਰ ਡੀ.ਸੀ. ਵਲੋਂ ਸਮੇਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਕੰਮਲ ਕਰਨ ਲਈ ਬੀ.ਐਲ.ਓਜ਼ ਤੇ ਵੋਟਰਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।