14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੋਂਗ ਡੈਮ ਦੇ ਇੰਜੀਨੀਅਰਾਂ ਲਈ ਇਕ ਦਿਨਾ ਤਕਨੀਕੀ ਕਾਰਜਸ਼ਾਲਾ ਲਗਾਈ

ਤਲਵਾੜਾ, 12 ਅਗਸਤ (ਐੱਚ. ਐੱਸ.

ਅਜੀਤ ਡੈਸਕ 13-08-2026
ਤਲਵਾੜਾ, 12 ਅਗਸਤ (ਐੱਚ. ਐੱਸ. ਮਿੱਠੂ)- ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਚੇਅਰਮੈਨ ਇੰਜ. ਮਨੋਜ ਤ੍ਰਿਪਾਠੀ ਦੇ ਨਿਰਦੇਸ਼ਾਂ ਅਤੇ ਪੋਂਗ ਡੈਮ ਦੇ ਮੁੱਖ ਇੰਜੀਨੀਅਰ ਰਾਕੇਸ਼ ਕੁਮਾਰ ਗੁਪਤਾ ਦੇ ਮਾਰਗ ਦਰਸ਼ਨ ਹੇਠ ਡੈਮ ਦੇ ਇੰਜੀਨੀਅਰਾਂ ਦੀ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਦਿਨਾਂ ਤਕਨੀਕੀ ਕਾਰਜਸ਼ਾਲਾ ਲਗਾਈ ਗਈ। ਕਾਰਜਸ਼ਾਲਾ ਦੌਰਾਨ ਡੈਮਾਂ ਅਤੇ ਹੈੱਡਵਰਕਸਾਂ ਦੇ ਗੇਟਾਂ ਨਾਲ ਸਬੰਧਿਤ ਅਹਿਮ ਤਕਨੀਕੀ ਪੱਖਾਂ ’ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕਾਰਜਸ਼ਾਲਾ ਵਿਚ ਕੇਂਦਰੀ ਜਲ ਕਮਿਸ਼ਨ ਦੇ ਸਾਬਕਾ ਮੁੱਖ ਇੰਜੀਨੀਅਰ ਸ਼ਿਵ ਦੱਤ ਸ਼ਰਮਾ ਨੇ ਵਿਸ਼ੇਸ਼ ਮਾਹਿਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡੈਮਾਂ ਤੇ ਹੈਡਵਰਕਸਾਂ ਵਿਚ ਵਰਤੇ ਜਾਂਦੇ ਗੇਟਾਂ ਦੀ ਯੋਜਨਾਬੰਦੀ, ਡਿਜ਼ਾਈਨ, ਨਿਰਮਾਣ, ਸਥਾਪਨਾ ਤੇ ਕਾਰਜਸ਼ੀਲ ਕਰਨ ਨਾਲ ਸਬੰਧਿਤ ਵੱਖ-ਵੱਖ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੇਟਾਂ ਦੀ ਕਾਰਗੁਜ਼ਾਰੀ, ਸੁਰੱਖਿਆ, ਰੱਖ-ਰਖਾਅ ਤੇ ਸੰਚਾਲਨ ਦੌਰਾਨ ਆਉਣ ਵਾਲੀਆਂ ਤਕਨੀਕੀ ਚੁਨੌਤੀਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਤੋਂ ਪਹਿਲਾਂ ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ ਨੇ ਇੰਜ. ਸ਼ਿਵ ਦੱਤ ਸ਼ਰਮਾ ਦਾ ਸਵਾਗਤ ਕਰਦਿਆਂ ਕਾਰਜਸ਼ਾਲਾ ਦੇ ਉਦੇਸ਼ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡੈਮਾਂ ਦੀ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਲਈ ਇੰਜੀਨੀਅਰਾਂ ਦਾ ਨਵੀਨਤਮ ਤਕਨੀਕੀ ਗਿਆਨ ਨਾਲ ਲੈਸ ਹੋਣਾ ਬਹੁਤ ਜ਼ਰੂਰੀ ਹੈ। ਕਾਰਜਸ਼ਾਲਾ ਦੇ ਅੰਤ ਵਿਚ ਡਿਪਟੀ ਮੁੱਖ ਇੰਜੀਨੀਅਰ ਵੀ.ਕੇ. ਮੀਨਾ ਨੇ ਮਾਹਿਰ ਇੰਜ. ਸ਼ਿਵ ਦੱਤ ਸ਼ਰਮਾ ਦਾ ਕੀਮਤੀ ਤਕਨੀਕੀ ਗਿਆਨ ਤੇ ਤਜਰਬਾ ਸਾਂਝਾ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਇੰਜੀਨੀਅਰਾਂ ਦੀ ਪੇਸ਼ੇਵਾਰ ਸਮਰੱਥਾ ਵਧਾਉਣ ਦੇ ਨਾਲ-ਨਾਲ ਡੈਮਾਂ ਦੀ ਸੁਰੱਖਿਆ ਅਤੇ ਕੁਸ਼ਲ ਸੰਚਾਲਨ ਨੂੰ ਯਕੀਨੀ ਬਣਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਕਾਰਜਸ਼ਾਲਾ ਤੋਂ ਪਹਿਲਾਂ ਇੰਜ. ਸ਼ਿਵ ਦੱਤ ਸ਼ਰਮਾ ਨੇ ਪੋਂਗ ਡੈਮ ਦਾ ਦੌਰਾ ਵੀ ਕੀਤਾ ਤੇ ਡੈਮ ਦੇ ਵੱਖ-ਵੱਖ ਤਕਨੀਕੀ ਤੇ ਸੰਚਾਲਨ ਪੱਖਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਅਰਵਿੰਦਰਪਾਲ ਸਿੰਘ ਊਭੀ ਤੇ ਗੌਰਵ ਲਾਂਬਾ ਤੋਂ ਇਲਾਵਾ ਵੱਖ ਵੱਖ ਐੱਸ.ਡੀ.ਓਜ਼. ਤੇ ਜੂਨੀਅਰ ਇੰਜੀਨੀਅਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਬੰਦ ਪਈ ਹੱਡਾਰੋੜੀ ਦੇ ਬਾਹਰ ਸੜਕ ’ਤੇ ਪਏ ਮਰੇ ਪਸ਼ੂਆਂ ਕਾਰਨ ਲੰਘਣਾ ਹੋਇਆ ਔਖਾ ਅਗਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।