ਦਸੂਹਾ, 18 ਅਕਤੂਬਰ (ਭੁੱਲਰ)-ਕੇ. ਐਮ. ਐਸ. ਕਾਲਜ ਆਫ਼ ਆਈ. ਟੀ. ਐਂਡ ਮੈਨੇਜਮੈਂਟ, ਦਸੂਹਾ ਦੇ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਵਿਸ਼ਵ ਖ਼ੁਰਾਕ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੇ ਹਿਮਾਚਲੀ ਲੋਕ ਨਾਚ ਦੀ ਪੇਸ਼ਕਾਰੀ ਕੀਤੀ ਅਤੇ ਕਾਲਜ ਦੇ ਫੈਕਲਟੀ ਮੈਂਬਰਾਂ ਨੂੰ ਭੋਜਨ ਪਰੋਸ ਕੇ ਪਰਾਹੁਣਚਾਰੀ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਹਰ ਵਿਅਕਤੀ ਤੱਕ ਪੌਸ਼ਟਿਕ ਤੇ ਸੁਰੱਖਿਅਤ ਭੋਜਨ ਪਹੁੰਚਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਖ਼ੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਹਰੇਕ ਨਾਗਰਿਕ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭੋਜਨ ਦੀ ਸਹੀ ਵਰਤੋਂ ਕਰੇ, ਲੋੜ ਅਨੁਸਾਰ ਹੀ ਭੋਜਨ ਲਵੇ ਤੇ ਇਸ ਦੀ ਬਰਬਾਦੀ ਨੂੰ ਰੋਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭੋਜਨ ਦੀ ਮਹੱਤਤਾ ਬਾਰੇ ਸਮਾਜ ਦੇ ਹਰ ਵਰਗ ਵਿਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਸੋਨਮ ਸਲਾਰੀਆ, ਕੋਆਰਡੀਨੇਟਰ ਮਾਂਗਟ ਰਾਮ ਤੇ ਹੋਰ ਫੈਕਲਟੀ ਮੈਂਬਰਾਂ ਹਾਜ਼ਰ ਸਨ।