15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਰਾਏਕੋਟ ਦੇ ਖਾਦ, ਕੀਟਨਾਸ਼ਕ ਡੀਲਰਾਂ ਨੇ ਆਪਣੀਆਂ ਦੁਕਾਨਾਂ ਨੂੰ ਜੜੇ ਤਾਲੇ

ਅਜੀਤ ਡੈਸਕ 14-02-2026
• ਦੁਕਾਨਾਂ ਬੰਦ ਕਰ ਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਸੌਂਪੀਆਂ ਚਾਬੀਆਂ
ਰਾਏਕੋਟ, 13 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਚ ਪੌਦਾ ਰੱਖਿਅਕ ਵਜੋਂ ਤਾਇਨਾਤ ਏ.ਡੀ.ਓ. (ਪੀ.ਪੀ.) ਨਵਦੀਪ ਕੁਮਾਰ ਵਲੋਂ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਰਾਏਕੋਟ ਇਲਾਕੇ ਦੇ ਖਾਦ, ਕੀਟ-ਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਨੇ ਆਪਣੀਆਂ ਦੁਕਾਨਾਂ ਨੂੰ ਤਾਲੇ ਜੜ੍ਹ ਦਿੱਤੇ ਹਨ ਅਤੇ ਚਾਬੀਆਂ ਹਲਕਾ ਵਿਧਾਇਕ ਹਾਕਮ ਸਿੰਘ ਨੂੰ ਸੌਂਪਦਿਆਂ ਆਪਣੇ ਕਾਰੋਬਾਰ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਐਲਾਨ ਨਾਲ ਰਾਏਕੋਟ ਸ਼ਹਿਰ 'ਚ ਹੜਕੰਪ ਮੱਚਿਆ | ਇਸ ਮੌਕੇ ਪੈਸਟੀਸਾਈਡ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਵਿਜੇ ਕੁਮਾਰ ਖੁਰਮੀ ਅਤੇ ਸਕੱਤਰ ਦਵਿੰਦਰ ਸਿੰਘ ਨੱਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਪਾਰੀਆਂ ਨਾਲ ਇਨਸਾਫ਼ ਨਾ ਕੀਤਾ ਤਾਂ ਸੰਘਰਸ਼ ਦਾ ਘੇਰਾ ਵਧਾ ਕੇ ਪੈਸਟੀਸਾਈਡ ਤੇ ਖਾਦ ਡੀਲਰ ਪੂਰੇ ਪੰਜਾਬ ਭਰ ਵਿਚ ਦੁਕਾਨਾਂ ਨੂੰ ਤਾਲੇ ਲਗਾਉਣ ਲਈ ਮਜ਼ਬੂਰ ਹੋ ਜਾਣਗੇ | ਆਗੂਆਂ ਨੇ ਉਕਤ ਖੇਤੀਬਾੜੀ ਅਧਿਕਾਰੀ 'ਤੇ ਕਥਿਤ ਤੌਰ 'ਤੇ ਗੰਭੀਰ ਦੋਸ਼ ਲਗਾਇਆ ਕਿ ਉਕਤ ਖੇਤੀਬਾੜੀ ਅਧਿਕਾਰੀ ਵਪਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਨਹੀਂ ਕਰਨ ਦੇ ਰਿਹਾ ਅਤੇ ਬਿਨ੍ਹਾਂ ਕਸੂਰ ਤੰਗ-ਪ੍ਰੇਸ਼ਾਨ ਕਰਦਾ ਹੈ | ਜਿਸ ਕਰਕੇ ਡੀਲਰ ਮਜ਼ਬੂਰਨ ਇਸ ਅਧਿਕਾਰੀ ਖਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ | ਦੱਸਣਯੋਗ ਹੈ ਕਿ 12 ਜਨਵਰੀ 2026 ਨੂੰ ਨਵਦੀਪ ਕੁਮਾਰ ਦੀ ਬਦਲੀ ਜ਼ਿਲ੍ਹਾ ਮਲੇਰਕੋਟਲਾ ਵਿਚ ਕੀਤੀ ਗਈ ਸੀ ਅਤੇ ਲੰਘੇ ਦਿਨ 12 ਫਰਵਰੀ 2026 ਨੂੰ ਨਵਦੀਪ ਕੁਮਾਰ ਦੀ ਬਦਲੀ ਮੁੜ ਪਹਿਲਾਂ ਵਾਲੀ ਅਸਾਮੀ ਉੱਪਰ ਹੀ ਕਰ ਦਿੱਤੀ ਗਈ ਹੈ | ਸੂਤਰਾਂ ਅਨੁਸਾਰ ਇਸ ਸੰਘਰਸ਼ ਨੂੰ ਖਾਦ ਤੇ ਪੈਸਟੀਸਾਈਡ ਡੀਲਰ ਸੂਬਾ ਪੱਧਰ ਤੱਕ ਲਿਜਾਣ ਲਈ ਮੀਟਿੰਗ ਚੱਲ ਰਹੀ ਹੈ | ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤੇਜ਼ ਹੋਣ ਦੀਆਂ ਸੰਭਾਵਨਾਵਾਂ ਹਨ | ਇਸ ਮੌਕੇ ਵਿੱਕੀ ਕੌੜਾ, ਬਲਜਿੰਦਰ ਸਿੰਘ ਗਿੱਲ, ਡੋਗਰ ਬਾਂਸਲ, ਅਸ਼ਵਨੀ ਕੁਮਾਰ, ਮਨੋਜ ਜੈਨ, ਅਮਨਦੀਪ ਸਿੰਘ ਖੈਹਿਰਾ, ਰਣਜੀਤ ਅਰੋੜਾ, ਬਿੱਟੂ ਜੈਨ ਆਦਿ ਹਾਜ਼ਰ ਸਨ |
ਕੀ ਕਹਿਣਾ ਹੈ ਵਿਧਾਇਕ ਠੇਕੇਦਾਰ ਦਾ-
ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਰਾਏਕੋਟ ਦੇ ਵਪਾਰੀ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਦੇਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚੇ ਸਨ, ਉਨ੍ਹਾਂ ਵਲੋਂ ਉਸੇ ਸਮੇਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਫ਼ੋਨ ਕਰਕੇ ਇਸ ਪੈਦਾ ਹੋਏ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ |
ਕੀ ਕਹਿਣਾ ਹੈ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦਾ-
ਉੱਧਰ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾਕਟਰ ਗੁਰਦੀਪ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਨਵਦੀਪ ਕੁਮਾਰ ਖ਼ਿਲਾਫ਼ ਰਾਏਕੋਟ ਇਲਾਕੇ ਦੇ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਖੇਤੀਬਾੜੀ ਅਫ਼ਸਰ ਗੁਰਿੰਦਰ ਕੌਰ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਖਾਦ, ਕੀਟ-ਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਬਾਰੇ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਕੋਲ ਮਾਮਲਾ ਉਠਾਉਣਗੇ |
ਕੀ ਕਹਿਣਾ ਹੈ ਉਕਤ ਅਧਿਕਾਰੀ ਦਾ-
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਖੇਤੀਬਾੜੀ ਅਧਿਕਾਰੀ ਨਵਦੀਪ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਏਕੋਟ ਦੇ ਦੋ ਡੀਲਰਾਂ ਦੇ ਉਨ੍ਹਾਂ ਵਲੋਂ ਨਮੂਨੇ ਭਰੇ ਗਏ ਸੀ, ਜੋ ਰੰਜਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖਾਦਾਂ, ਕੀੜ੍ਹੇਮਾਰ ਦਵਾਈਆਂ ਅਤੇ ਬੀਜ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੀ ਨਮੂਨੇ ਭਰੇ ਗਏ ਸਨ |
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਤੇ ਮਜ਼ਦੂਰਾਂ ਨੂੰ ਤਬਾਹ ਕਰਨ ਵਾਲਾ ਹੈ-ਮੋਰਕਰੀਮਾਂ/ਅਲੀਗੜ੍ਹ/ਬੋਪਾਰਾਏ... ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਤੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।