ਪੱਖੋਵਾਲ-ਸਰਾਭਾ, 13 ਫਰਵਰੀ (ਖੁਸ਼ਵਿੰਦਰ ਸਿੰਘ ਸਰਾਭਾ)-ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਸਰਾਭਾ 'ਚ ਲੋੜਵੰਦ ਲੋਕਾਂ ਲਈ ਰਹਿਣ ਬਸੇਰਾ ਬਣੇ ਗੁਰੂ ਅਮਰਦਾਸ ਅਪਾਹਜ਼ ਆਸ਼ਰਮ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਸਿਹਤ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਅਫ਼ਸਰ ਸੁਰਿੰਦਰ ਸਿੰਘ ਟਿਵਾਣਾ ਦੀ ਅਗਵਾਈ 'ਚ ਲਗਾਏ ਇਸ ਕੈਂਪ ਦੌਰਾਨ ਐੱਸ.ਐੱਮ.ਓ. ਡਾ: ਨੀਲਮ, ਡਾ: ਹਰਕੰਵਲ ਕੌਰ, ਡਾ: ਅਮਲ ਗੋਇਲ, ਡਾ: ਚਰਨਜੀਤ ਸਿੰਘ ਡਾ: ਅੰਜਲੀ ਤੇ ਡਾ: ਸੰਦੀਪ ਸਕਸੈਨਾ ਸਮੇਤ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਤੇ ਲੋੜੀਦੀ ਜਾਂਚ ਲਈ ਅੱਗੇ ਰੈਫਰ ਕੀਤਾ | ਇਸ ਮੌਕੇ ਡਾ: ਵਰਿੰਦਰ ਸਿੰਘ ਟਿਵਾਣਾ ਨੇ ਕਿਹਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਬਜ਼ੁਰਗਾਂ ਨੂੰ ਹਰ ਤਰਾਂ ਦੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ | ਇਸ ਮੌਕੇ ਬਨਾਉਟੀ ਅੰਗ ਬਣਾਉਣ ਵਾਲੀ ਕੰਪਨੀ ਅਲਿਮਕੋ ਅਤੇ ਲੀਡ ਬੈਂਕ ਵਲੋਂ ਆਏ ਮਾਹਿਰਾਂ ਨੇ ਬਜ਼ੁਰਗਾਂ ਨੂੰ ਬੈਂਕ ਅਤੇ ਖਾਤਿਆ ਨਾਲ ਹੋਣ ਵਾਲੇ ਆਨਲਾਈਨ ਫਰਾਡ ਤੋਂ ਬਚਣ ਦੇ ਗੁਰ ਦੱਸੇ | ਕੈਂਪ ਦੌਰਾਨ ਬਜ਼ੁਰਗਾਂ ਦੇ ਪੈਨਸ਼ਨ ਫਾਰਮ ਤੇ ਸੀਨੀਅਰ ਸਿਟੀਜ਼ਨ ਫਾਰਮ ਵੀ ਭਰੇ ਗਏ | ਇਸ ਮੌਕੇ ਡਾ: ਨੌਰੰਗ ਸਿੰਘ ਮਾਂਗਟ, ਪ੍ਰਧਾਨ ਚਰਨ ਸਿੰਘ ਜੋਧਾਂ ਨੇ ਇੰਜੀਨੀਅਰ ਰਜਿੰਦਰ ਸਿੰਘ ਸਮੇਤ ਬਾਹਰੋਂ ਆਏ ਸਮੂਹ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੀ.ਡੀ.ਪੀ.ਓ ਰਵਿੰਦਰਪਾਲ ਕੌਰ, ਸੁਪਰਡੈਂਟ ਰਣਜੂਝ ਸਿੰਘ, ਅਮਨਦੀਪ ਕੌਰ, ਅਵਤਾਰ ਸਿੰਘ, ਸੈਕਟਰੀ ਇੰਦਰਜੀਤ ਸਿੰਘ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ |