ਰਾਏਕੋਟ, 17 ਫਰਵਰੀ (ਸੁਸ਼ੀਲ, ਬਲਵਿੰਦਰ ਸਿੰਘ ਲਿੱਤਰ)-ਜੁਆਇੰਟ ਫੋਰਮ ਪੰਜਾਬ, ਏਕਤਾ ਮੰਚ ਅਤੇ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਰਾਏਕੋਟ ਦਫ਼ਤਰ ਦੇ ਬਿਜਲੀ ਮੁਲਾਜ਼ਮਾਂ ਵਲੋਂ ਬਿਜਲੀ ਨਿਗਮ ਦੀ ਮੈਨੇਜਮੈਂਟ ਦੇ ਵਿਰੁੱਧ ਗੇਟ ਰੈਲੀ ਕਰਨ ਉਪਰੰਤ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮਿਤੀ 14 ਜਨਵਰੀ 2026 ਨੂੰ ਜਥੇਬੰਦੀ ਦੀ ਮੀਟਿੰਗ ਹੋਈ ਸੀ ਜਿਸ ਵਿਚ ਉਨ੍ਹਾਂ ਵਲੋਂ ਸਾਂਝੇ ਧੜ੍ਹੇ ਨਾਲ ਮਹਿਕਮੇ ਦੀ ਸੰਪਤੀ ਨੂੰ ਨਾ ਵੇਚਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਪੰਜਾਬ ਸਰਕਾਰ ਵਲੋਂ ਇਸ ਵਾਅਦੇ ਦੇ ਖ਼ਿਲਾਫ਼ ਜਾ ਕੇ ਪਟਿਆਲਾ ਨੇੜੇ ਬਡੂੰਗਰ ਵਿਖੇ ਮਹਿਕਮੇ ਦੀ 50 ਏਕੜ ਜ਼ਮੀਨ ਪੁੱਡਾ ਦੇ ਨਾਮ ਤਬਦੀਲ ਕਰ ਦਿੱਤੀ ਗਈ ਹੈ | ਜਿਸ ਕਾਰਨ ਸਮੂਹ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਹਿਕਮੇ ਦੀਆਂ ਜ਼ਮੀਨਾਂ ਨੂੰ ਜਥੇਬੰਦੀ ਨਾਲ ਕੀਤੇ ਵਾਅਦੇ ਮੁਤਾਬਿਕ ਵੇਚਣਾ ਬੰਦ ਨਾ ਕੀਤਾ ਗਿਆ ਤਾਂ ਬਿਜਲੀ ਕਾਮੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਤਿੱਖਾ ਸੰਘਰਸ਼ ਕਰਨ ਨੂੰ ਮਜ਼ਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀ ਹੋਵੇਗੀ | ਇਸ ਮੌਕੇ ਚਰਨਜੀਤ ਸਿੰਘ ਰਾਜੋਆਣਾ, ਅਮਨਦੀਪ ਸਿੰਘ ਸੰਘੇੜਾ, ਰਜਿੰਦਰ ਸਿੰਘ (ਟੀ.ਐੱਸ.ਯੂ), ਬਲਕਾਰ ਸਿੰਘ, ਹਰਮਨਜੀਤ ਸਿੰਘ, ਮੈਡਮ ਸੁਰਿੰਦਰ ਕੌਰ, (ਏਟਕ) ਗਗਨਦੀਪ ਸਿੰਘ, ਮੈਡਮ ਕਾਜਲ, ਮੈਡਮ ਪੁਨੀਤ ਕੌਰ (ਐੱਮ.ਐੱਸ.ਯੂ), ਅੰਮਿ੍ਤਪਾਲ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਪਰਮਿੰਦਰ ਸਿੰਘ (ਠੇਕਾ ਮੁਲਾਜ਼ਮ ਪਾਵਰਕਾਮ ਤੇ ਟਰਾਂਸਕੋ) ਆਦਿ ਹਾਜ਼ਰ ਸਨ |