ਸੀ.ਟੀ. ਯੂਨੀਵਰਸਿਟੀ ਵਿਚ ਦੂਜੀ ਮੰਜ਼ਿਲ ਤੋਂ ਡਿਗਣ ਕਾਰਨ ਵਿਦਿਆਰਥਣ ਦੀ ਮੌਤ
ਅਜੀਤ ਡੈਸਕ
19-02-2026
ਜਾਗਰਾਉਂ, 18 ਫਰਵਰੀ (ਗੁਰਦੀਪ ਸਿੰਘ ਮਲਕ)-ਪਿੰਡ ਚੌਕੀਮਾਨ ਨੇੜੇ ਜੀ.ਟੀ. ਰੋਡ 'ਤੇ ਸਥਿਤ ਸੀਟੀ ਯੂਨੀਵਰਸਿਟੀ ਵਿਚ ਬੁੱਧਵਾਰ ਨੂੰ ਇਕ ਵਿਦਿਆਰਥਣ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਸੰਦੇਹਜਨਕ ਹਲਾਤ ਵਿਚ ਮੌਤ ਹੋ ਗਈ | ਜਾਣਕਾਰੀ ਮੁਤਾਬਕ ਵਿਦਿਆਰਥਣ ਦੀ ਹਾਲਤ ਗੰਭੀਰ ਹੋਣ 'ਤੇ ਕਾਲਜ ਪ੍ਰਬੰਧਕ ਵਲੋਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ | ਲਿਫ਼ਟ ਦੀ ਉਡੀਕ ਦੌਰਾਨ ਹੋਇਆ ਹਾਦਸਾ | ਪੁਲਿਸ ਚੌਕੀ ਚੌਕੀਮਾਨ ਤੋਂ ਮੌਕੇ 'ਤੇ ਪਹੁੰਚੇ ਏ.ਐੱਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਦਿਆਰਥਣ ਦੀ ਪਛਾਣ ਸ਼ਵਲੀਨ ਖ਼ਾਤੂਨ ਪੁੱਤਰੀ ਮੁਹੰਮਦ ਅਜਮਲ, ਵਾਸੀ ਕਿਰਪਾਲ ਨਗਰ, ਲੁਧਿਆਣਾ ਵਜੋਂ ਹੋਈ ਹੈ | ਸ਼ਵਲੀਨ ਸੀਟੀ ਯੂਨੀਵਰਸਿਟੀ ਵਿਚ ਬੀ.ਬੀ.ਏ. ਸਮੈਸਟਰ ਦੋ ਦੀ ਵਿਦਿਆਰਥਣ ਸੀ | ਉਨ੍ਹਾਂ ਦੱਸਿਆ ਕਿ ਸ਼ਵਲੀਨ ਇਕ ਹੋਰ ਵਿਦਿਆਰਥਣ ਦੇ ਨਾਲ ਦੂਜੀ ਮੰਜ਼ਿਲ 'ਤੇ ਲਿਫ਼ਟ ਦੀ ਉਡੀਕ ਕਰ ਰਹੀ ਸੀ | ਲਿਫ਼ਟ ਨਾ ਆਉਣ ਕਾਰਨ ਉਹ ਰੇਲਿੰਗ ਦਾ ਸਹਾਰਾ ਲੈ ਕੇ ਖੜ੍ਹੀ ਹੋ ਗਈ | ਇਸ ਦੌਰਾਨ ਅਚਾਨਕ ਉਸ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਸਿਰ ਦੇ ਬਲ ਬੇਸਮੈਂਟ ਵਿੱਚ ਡਿੱਗ ਪਈ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਈ | ਮਿ੍ਤਕਾ ਸ਼ਵਲੀਨ ਖ਼ਾਤੂਨ ਤਿੰਨ ਭੈਣਾਂ ਅਤੇ ਦੋ ਭਰਾਵਾਂ ਵਿਚੋਂ ਇਕ ਸੀ | ਉਸ ਦੀਆਂ ਭੈਣਾਂ ਹਾਲੇ ਪੜ੍ਹਾਈ ਕਰ ਰਹੀਆਂ ਹਨ, ਜਦਕਿ ਦੋਵੇਂ ਭਰਾ ਆਪਣੇ ਪਿਤਾ ਮੁਹੰਮਦ ਅਜਮਲ ਨਾਲ ਮਿਲ ਕੇ ਹੋਜਰੀ ਦਾ ਕਾਰੋਬਾਰ ਕਰਦੇ ਹਨ | ਇਸ ਮਾਮਲੇ ਵਿਚ ਮਿ੍ਤਕ ਵਿਦਿਆਰਥਣ ਦੇ ਪਿਤਾ ਮੁਹੰਮਦ ਅਜਮਲ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ | ਘਟਨਾ ਦੀ ਸੂਚਨਾ ਮਿਲਣ 'ਤੇ ਜਸਵਿੰਦਰ ਸਿੰਘ ਢੀਂਡਸਾ ਅਤੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਸਿਵਲ ਹਸਪਤਾਲ ਪਹੁੰਚੇ ਅਤੇ ਮਿ੍ਤਕ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ |