ਜਗਰਾਉਂ, 19 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜੋਗਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਜਗਰਾਉਂ ਦੀ ਅਗਵਾਈ ਹੇਠ ਜਗਰਾਉਂ ਦੀਆਂ ਵੱਖ-ਵੱਖ ਦਵਾਈਆਂ, ਖਾਦ ਤੇ ਬੀਜ ਦੇ ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਭਰੇ ਗਏ | ਇਸ ਦੌਰਾਨ 12 ਦੁਕਾਨਾਂ ਦੀ ਚੈਕਿੰਗ ਕਰਦਿਆਂ ਸੈਂਪਲ ਭਰੇ ਗਏ | ਇਸ ਮੌਕੇ ਦੁਕਾਨਦਾਰਾਂ ਦੇ ਗੁਦਾਮ ਤੇ ਸਟੋਰ ਦੀ ਚੈਕਿੰਗ ਦੇ ਨਾਲ-ਨਾਲ ਦਫ਼ਤਰੀ ਰਿਕਾਰਡ ਵੀ ਚੈੱਕ ਕੀਤਾ ਗਿਆ | ਇਸ ਮੌਕੇ ਜਸਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਉੱਚ ਗੁਣਵੱਤਾ ਅਤੇ ਮਿਆਰੀ ਖਾਦ, ਬੀਜ, ਦਵਾਈਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਉਨ੍ਹਾਂ ਸਮੂਹ ਡੀਲਰਾਂ ਨੂੰ ਵਧੀਆ ਕੁਆਲਿਟੀ ਦੇ ਬੀਜ, ਖਾਦ ਅਤੇ ਦਵਾਈਆਂ ਦੀ ਵਿਕਰੀ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਡੀਲਰਾਂ ਨੂੰ ਕਿਹਾ ਕਿ ਉਹ ਹਰੇਕ ਕਿਸਾਨ ਨੂੰ ਬਿੱਲ ਜ਼ਰੂਰ ਦੇਣ ਜਿਸ 'ਤੇ ਪੈਕਿੰਗ, ਕੰਪਨੀ ਦਾ ਨਾਮ, ਬੈਚ ਨੰਬਰ, ਉਤਪਾਦਨ ਮਿਤੀ ਅਤੇ ਸਮਾਪਤੀ ਮਿਤੀ ਲਿਖਣਾ ਬਹੁਤ ਜ਼ਰੂਰੀ ਹੈ | ਖੇਤੀਬਾੜੀ ਅਫ਼ਸਰ ਜਸਵੰਤ ਸਿੰਘ ਨੇ ਕਿਹਾ ਕਿ ਕਿਸਾਨ ਹਿੱਤਾਂ ਦੀ ਜ਼ਿੰਮੇਵਾਰੀ ਖੇਤੀਬਾੜੀ ਵਿਭਾਗ ਦੀ ਹੈ, ਕਿਸਾਨਾਂ ਨੂੰ ਸਹੀ ਖ਼ੁਰਾਕ, ਸਹੀ ਸਮੇਂ ਅਤੇ ਸੁਰੱਖਿਅਤ ਵਰਤੋਂ ਬਾਰੇ ਤਕਨੀਕੀ ਸਲਾਹ ਦਿੱਤੀ ਜਾਵੇ, ਫ਼ਸਲ ਗੁਣਵੱਤਾ ਸੁਧਾਰ ਅਤੇ ਉਤਪਾਦਨ ਵਾਧੇ ਲਈ ਫੀਲਡ ਪੱਧਰ 'ਤੇ ਦੌਰੇ ਵਧਾਏ ਜਾਣ | ਉਨ੍ਹਾਂ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਕੀ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮਿਆਰੀ ਕੁਆਲਿਟੀ ਦੇ ਇਨਪੁੱਟਸ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ |