ਜਗਰਾਉਂ, 19 ਫਰਵਰੀ (ਗੁਰਦੀਪ ਜਿੰਘ ਮਲਕ)-ਪਿੰਡ ਅਖਾੜਾ ਤੋਂ ਭੰਮੀਪੁਰਾ ਜਾਣ ਵਾਲੇ ਰੋਡ 'ਤੇ ਵੀਰਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਮੁਤਾਬਕ ਸਵੇਰੇ ਇਕ ਰਾਹਗੀਰ ਨੇ ਦੱਸਿਆ ਕਿ ਸੜਕ ਕਿਨਾਰੇ ਇਕ ਬਾਈਕ ਸਵਾਰ ਡਿੱਗਿਆ ਪਿਆ ਹੈ | ਮੌਕੇ 'ਤੇ ਪਹੁੰਚ ਕੇ ਪੁਲਿਸ ਟੀਮ ਨੇ ਜਾਂਚ ਕੀਤੀ ਤਾਂ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ | ਜਾਂਚ ਅਤੇ ਤਲਾਸ਼ੀ ਦੌਰਾਨ ਮਿ੍ਤਕ ਕੋਲੋਂ ਕੋਈ ਵੀ ਪਛਾਣ ਪੱਤਰ ਬਰਾਮਦ ਨਹੀਂ ਹੋਇਆ | ਪਛਾਣ ਨਾ ਹੋਣ ਕਾਰਨ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ ਹੈ, ਜਿੱਥੇ ਪਛਾਣ ਲਈ ਲਾਸ਼ ਨੂੰ 72 ਘੰਟੇ ਤੱਕ ਸੁਰੱਖਿਅਤ ਰੱਖਿਆ ਜਾਵੇਗਾ | ਮੁੱਢਲੀ ਜਾਂਚ ਵਿਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਾਈਕ ਸਵਾਰ ਸੜਕ ਕਿਨਾਰੇ ਪਏ ਕਾਫ਼ੀ ਪੱਥਰਾਂ ਵਿਚੋਂ ਇਕ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਬਾਈਕ ਸਿੱਧੀ ਦਰੱਖ਼ਤ ਨਾਲ ਜਾ ਲੱਗੀ | ਇਸ ਹਾਦਸੇ ਕਾਰਨ ਚਾਲਕ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪੁੱਛਗਿੱਛ ਕਰ ਰਹੀ ਹੈ ਅਤੇ ਮਿ੍ਤਕ ਦੀ ਪਛਾਣ ਲਈ ਯਤਨ ਜਾਰੀ ਹਨ |