ਸਰਕਾਰ ਤੇ ਪ੍ਰਸ਼ਾਸਨ ਨੂੰ ਮੂੰਹ ਚਿੜਾਅ ਰਹੀ 'ਗੁਰੂ ਗੋਬਿੰਦ ਸਿੰਘ ਮਾਰਗ' ਦੀ ਦੋ ਦਹਾਕਿਆਂ ਤੋਂ ਟੁੱਟੀ ਸੜਕ
ਅਜੀਤ ਡੈਸਕ
20-02-2026
ਹਠੂਰ, 19 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਬੀਤੇ ਦਿਨੀਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਪਿੰਡ ਲੱਖਾ ਦੀ ਫਿਰਨੀ ਦੀ ਸੜਕ ਨੂੰ ਚੌੜਾ ਕਰਕੇ ਬਣਾਉਣ ਦੇ ਰੱਖੇ ਨੀਂਹ ਪੱਥਰ ਤੋਂ ਬਾਅਦ ਅੱਜ ਪਿੰਡ ਲੱਖਾ ਦੇ ਲੋਕਾਂ, ਜਿਸ ਵਿਚ ਸਾਬਕਾ ਸਰਪੰਚ ਜਸਵੀਰ ਸਿੰਘ ਲੱਖਾ, ਪੰਚ ਜਸਵਿੰਦਰ ਸਿੰਘ ਸਿੱਧੂ, ਸਰਪੰਚ ਹਰਜੀਤ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਪ੍ਰਧਾਨ ਚਮਕੌਰ ਸਿੰਘ, ਪਾਲ ਸਿੰਘ ਗਿੱਲ, ਹਰਦੀਪ ਸਿੰਘ, ਸਿੰਦਰ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਕੀਪਾ ਸਿੰਘ, ਜੱਸਾ ਸਿੰਘ, ਰਾਜ ਸਿੰਘ ਧਾਲੀਵਾਲ, ਤਾਰਾ ਸਿੰਘ, ਮਾਣਾ ਸਿੰਘ, ਬਿੰਦੀ ਸਿੰਘ, ਨਿੱਕਾ ਸਿੰਘ, ਪਰੇਮ ਸਿੰਘ, ਬਲਦੇਵ ਸਿੰਘ, ਨਵੀ ਸਿੰਘ, ਇਕਬਾਲ ਸਿੰਘ ਨੇ ਇਕੱਠੇ ਹੋ ਕੇ ਇਸ ਸਬੰਧੀ 'ਅਜੀਤ' ਨਾਲ ਗੱਲਬਾਤ ਦੌਰਾਨ ਸਰਕਾਰ, ਹਲਕਾ ਵਿਧਾਇਕਾ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਬਣੇ ਮਾਰਗ ਦੀ ਪਿੰਡ ਰਾਮਾਂ ਤੋਂ ਚਕਰ, ਲੱਖਾ, ਮਾਣੂੰਕੇ, ਜੱਟਪੁਰਾ, ਲੰਮਾ ਤੋਂ ਕਮਾਲਪੁਰਾ ਨੂੰ ਜਾਂਦੀ ਸੜਕ ਦੀ ਤਰਾਸਦੀ ਦੇਖੋ ਕਿ ਆਪਣੇ ਮਿਆਦ ਦੇ ਸਮੇਂ ਤੋਂ ਤਿੰਨ ਗੁਣਾ ਵੱਧ ਸਮਾਂ ਗੁਜਰ ਜਾਣ 'ਤੇ ਵੀ ਇਹ ਸੜਕ ਬਣਾਉਣ ਵਿਚ ਪੰਜਾਬ ਸਰਕਾਰ ਅਤੇ ਸਰਕਾਰ ਦਾ ਪੀ.ਡਬਲਯੂ.ਡੀ. ਮਹਿਕਮਾ ਮੂੰਹ ਕਿਉਂ ਵੱਟੀ ਬੈਠਾ ਹੈ | ਜਦਕਿ ਇਸ ਸੜਕ ਨੂੰ ਬਣਾਉਣ ਦਾ ਟੈਂਡਰ 2023 'ਚ ਹੋ ਗਿਆ ਸੀ ਅਤੇ ਇਸ ਨੂੰ ਬਣਾਉਣ ਦੀ ਸਮਾਂ ਸੀਮਾ 8 ਮਹੀਨੇ ਦੀ ਸੀ, ਜੋ ਜੁਲਾਈ 2024 'ਚ ਹੀ ਖ਼ਤਮ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਹ ਸੜਕ ਜੋ ਪਿਛਲੇ 13-14 ਸਾਲਾਂ ਤੋਂ ਬਣੀ ਨਹੀਂ ਜਿਸ ਕਰਕੇ ਇਸ ਦਾ ਬੁਰ੍ਹਾ ਹਾਲ ਹੈ | ਇਸ ਕਰਕੇ ਇਲਾਕੇ ਦੇ ਲੋਕਾਂ ਨੇ ਪਿੰਡ ਲੱਖਾ ਵਿਖੇ ਉਕਤ ਸੜਕ ਦੇ ਨਿਰਮਾਣ ਲਈ ਰੋਸ ਵਜੋਂ 38 ਦਿਨ ਧਰਨਾ ਦਿੱਤਾ | ਜਿਸ ਤੋਂ ਬਾਅਦ ਲੋਕਾਂ ਦੇ ਦਬਾਅ ਹੇਠ ਇਸ ਸੜਕ ਦਾ ਟੈਂਡਰ ਹੋਇਆ ਪਰ ਟੈਂਡਰ ਹੋਏ ਨੂੰ ਵੀ ਤਿੰਨ ਸਾਲ ਬੀਤ ਗਏ ਹਨ, ਪਰ ਸਬੰਧਤ ਠੇਕੇਦਾਰ ਵਲੋਂ ਇਸ ਸੜਕ ਨੂੰ ਅਜੇ ਤੱਕ ਮੁਕੰਮਲ ਨਹੀਂ ਕੀਤਾ ਗਿਆ | ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਵਾਰ ਵਾਰ ਇਸ ਮਸਲੇ ਨੂੰ ਪ੍ਰਸ਼ਾਸ਼ਨ, ਸਰਕਾਰ ਦੇ ਧਿਆਨ ਵਿਚ ਲਿਆਂਦਾ, ਪਰ ਟੁੱਟੀ ਸੜਕ 'ਤੇ ਪਾਏ ਮੋਟੇ ਵੱਟਿਆਂ ਕਾਰਨ ਰਾਹਗੀਰ ਅਜੇ ਵੀ ਦੁਖੀ ਹਨ, ਜਦਕਿ ਪੰਜਾਬ ਸਰਕਾਰ ਸੜਕਾਂ ਦੇ ਜਾਲ ਵਿਛਾਉਣ ਦੀਆਂ ਗੱਲਾਂ ਕਰਦੀ ਹੈ | ਆਗੂਆਂ ਨੇ ਕਿਹਾ ਕਿ 'ਆਪ' ਆਗੂ ਕਿਸੇ ਸੜਕ ਨੂੰ ਬਣਾਉਣ ਉਪਰੰਤ ਉਸਦਾ ਉਦਘਾਟਨ ਕਰਦੇ ਤਾਂ ਦੇਖੇ ਸਨ ਪਰ ਇਸ ਸਰਕਾਰ ਵਿਚ ਇਹ ਪਹਿਲੀ ਵਾਰ ਹੋ ਇਹਾ ਹੈ ਕਿ ਕੋਈ ਸੜਕ ਬਣਾਉਣ ਤੋਂ ਪਹਿਲਾਂ ਹੀ ਉਦਘਾਟਨ ਹੋ ਰਹੇ ਹਨ |