ਭੂੰਦੜੀ, 27 ਫਰਵਰੀ (ਕੁਲਦੀਪ ਸਿੰਘ ਮਾਨ)-ਸਥਾਨਕ ਕਸਬਾ ਭੂੰਦੜੀ ਦੇ ਖੇਡ ਮੈਦਾਨ 'ਚ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਵਿਚ ਕੁੱਲ 32 ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲੇ ਵਿਚ ਸਵੱਦੀ ਕਲਾਂ ਦੀ ਟੀਮ ਨੇ ਤਿਹਾੜਾ ਦੇ ਗੱਭਰੂਆਂ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਭੂੰਦੜੀ ਦੀ ਟੀਮ ਨੂੰ ਤੀਜੇ ਸਥਾਨ ਨਾਲ ਸੰਤੁਸ਼ਟ ਰਹਿਣਾ ਪਿਆ | ਟੂਰਨਾਮੈਂਟ ਦੀ ਕੁਮੈਂਟਰੀ ਰਾਜਾ ਹੀਰਾ, ਬੀਰੂ ਗੁੜੇ ਅਤੇ ਨਿਰਮਲ ਸਿੱਧਵਾਂ ਵਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ | ਸਮਾਪਤੀ ਸਮਾਰੋਹ ਵਿਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਆਪਸੀ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਵੀ ਦਿੰਦੀਆਂ ਹਨ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਝਾਨ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਕੋਮਲਜੀਤ ਸਿੰਘ ਗਰੇਵਾਲ ਨੇ ਆਏ ਹੋਏ ਮਹਿਮਾਨਾਂ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਟੀਮਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਸੈਕਟਰੀ ਪਲਵਿੰਦਰ ਸਿੰਘ, ਨੰਬਰਦਾਰ ਰਜਿੰਦਰ ਸਿੰਘ ਝੱਮਟ, ਹਰਬੰਸ ਸਿੰਘ ਕਾਉਂਕੇ, ਦਵਿੰਦਰ ਸਿੰਘ, ਪ੍ਰਧਾਨ ਗੁਰਮੇਲ ਸਿੰਘ ਖੰਗੂੜਾ, ਹਰਪ੍ਰੀਤ ਸਿੰਘ ਗਰੇਵਾਲ, ਪੰਚ ਵਿਨੋਦ ਕੁਮਾਰ, ਪੰਚ ਸੁਖਜੀਤ ਸਿੰਘ, ਬਹਾਦਰ ਸਿੰਘ ਬੈਂਸ, ਅਮਰਜੀਤ ਸਿੰਘ ਹੇਰਾਂ ਸਮੇਤ ਹੋਰ ਆਗੂ ਹਾਜ਼ਰ ਸਨ | ਅੰਤ ਵਿਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ |