ਭੂੰਦੜੀ, 27 ਫਰਵਰੀ (ਕੁਲਦੀਪ ਸਿੰਘ ਮਾਨ)-ਪਿੰਡ ਭਰੋਵਾਲ ਕਲਾਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ 'ਤੇ ਲੰਗਰ ਸੇਵਾ ਲਈ ਕਾਫ਼ਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ | ਬਾਬਾ ਪਰਮਜੀਤ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਇਹ ਸੇਵਾ ਸਵ: ਸੰਤ ਬਾਬਾ ਭਾਗ ਸਿੰਘ ਜੀ ਵਲੋਂ ਚਲਾਈ ਗਈ ਮਰਿਆਦਾ ਅਨੁਸਾਰ ਨਿਰੰਤਰ ਜਾਰੀ ਹੈ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 27 ਫਰਵਰੀ ਤੋਂ 4 ਮਾਰਚ ਤੱਕ ਲਗਾਤਾਰ ਲੰਗਰ ਸੇਵਾ ਚੱਲੇਗੀ, ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚਣ ਵਾਲੀਆਂ ਸੰਗਤਾਂ ਲਈ ਭੋਜਨ ਅਤੇ ਰਹਿਣ-ਸਹਿਣ ਦੀ ਨਿਸ਼ਕਾਮ ਸੇਵਾ ਕੀਤੀ ਜਾਵੇਗੀ | ਕਾਫ਼ਲੇ ਦੀ ਰਵਾਨਗੀ ਮੌਕੇ ਪਿੰਡ ਵਾਸੀਆਂ ਵਲੋਂ ਅਰਦਾਸ ਉਪਰੰਤ ਜਥੇ ਨੂੰ ਫੁੱਲਾਂ ਦੀ ਵਰਖਾ ਕਰਕੇ ਰਵਾਨਾ ਕੀਤਾ ਗਿਆ ਅਤੇ ਸੇਵਾ ਕਾਰਜ ਦੀ ਸਫ਼ਲਤਾ ਲਈ ਅਰਦਾਸ ਕੀਤੀ | ਇਸ ਮੌਕੇ ਸਾਬਕਾ ਚੇਅਰਮੈਨ ਮੇਜਰ ਸਿੰਘ ਚੀਮਾਂ, ਗੁਰਦੀਪ ਸਿੰਘ, ਪ੍ਰਧਾਨ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਵੀ ਹਾਜ਼ਰ ਸਨ |