ਜਗਰਾਉਂ, 28 ਫਰਵਰੀ (ਗੁਰਦੀਪ ਸਿੰਘ ਮਲਕ)-ਕਾਂਗਰਸ ਪਾਰਟੀ ਦੀ ਅੱਜ ਵਾਲੀ ਬਰਨਾਲਾ ਰੈਲੀ ਲਈ ਇਥੋਂ 25 ਬੱਸਾਂ ਦਾ ਕਾਫ਼ਲਾ ਲੈ ਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਰਵਾਨਾ ਹੋਏ | ਰਵਾਨਗੀ ਤੋਂ ਪਹਿਲਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਸਮੇਂ ਜੱਗਾ ਹਿੱਸੋਵਾਲ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ ਤਾਂ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਕਾਨੂੰਨ ਤੇ ਬਿੱਲ ਲਿਆ ਕੇ ਲੋਕਾਂ ਦਾ ਜਿਊਣਾ ਦੁੱਭਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੁਣ ਵੀ ਰੋਜ਼ਾਨਾ ਦੋ ਤੋਂ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਹੈ | ਇਹ ਮੌਤਾਂ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਕਾਫ਼ੀ ਹਨ | ਇਸੇ ਤਰ੍ਹਾਂ ਗੈਂਗਸਟਰਾਂ ਨੇ ਆਮ ਲੋਕਾਂ ਤੇ ਕਾਰੋਬਾਰੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ | ਬਹੁਤ ਲੋਕ ਹਨ ਜਿੰਨ੍ਹਾਂ ਦੇ ਕਾਰੋਬਾਰ ਸਹੀ ਚੱਲ ਨਹੀਂ ਰਹੇ ਅਤੇ ਜਿਸ ਕਿਸੇ ਦਾ ਥੋੜ੍ਹਾ ਕੰਮ ਚੱਲਦਾ ਹੈ ਉਸਨੂੰ ਫਿਰੌਤੀ ਦੇ ਫ਼ੋਨ ਆ ਜਾਂਦ ਹਨ | ਸੂਬੇ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਕਰਕੇ ਹੀ ਲੋਕ ਇਥੋਂ ਹਿਜਰਤ ਕਰਨ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮਗਨਰੇਗਾ ਖ਼ਿਲਾਫ਼ ਵੱਡੀ ਜਨਤਕ ਮੁਹਿੰਮ ਵਿੱਢੀ ਹੋਈ ਹੈ ਤੇ ਲੋਕਾਂ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ | ਸਾਬਕਾ ਵਿਧਾਇਕ ਨੇ ਕਿਹਾ ਕਿ ਲੋਕ ਇਕ ਵਾਰ ਬਦਲਾਅ ਦੇ ਭੁਲੇਖੇ ਤੇ ਚੁਟਕਲੇ ਸੁਣ ਕੇ ਮਗਰ ਲੱਗ ਗਏ ਜਦਕਿ ਅਗਲੀ ਵਾਰ ਝੂਠੇ ਇਨਕਲਾਬੀਆਂ ਨੂੰ ਵੋਟਰ ਮੂੰਹ ਨਹੀਂ ਲਾਉਣਗੇ | ਉਨ੍ਹਾਂ ਆਮ ਘਰਾਂ ਦੇ ਮੁੰਡੇ ਦੱਸ ਕੇ ਸੱਤ੍ਹਾ ਵਿਚ ਆਏ ਇਨ੍ਹਾਂ ਵਿਧਾਇਕਾਂ ਦੀਆਂ ਜਾਇਦਾਦਾਂ ਤੇ ਕਾਰੋਬਾਰਾਂ ਦੀ ਜਾਂਚ ਦੀ ਮੰਗ ਕੀਤੀ ਤਾਂ ਜੋ ਲੋਕਾਂ ਨੂੰ ਵੀ ਅਸਲੀਅਤ ਪਤਾ ਲੱਗ ਸਕੇ | ਇਸ ਸਮੇਂ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਕੁਲਵੰਤ ਸਿੰਘ ਡਾਂਗੀਆਂ, ਪਰਮ ਸਿੰਘ ਰਸੂਲਪੁਰ, ਜਸਵੀਰ ਸਿੰਘ ਹਠੂਰ, ਰਵਿੰਦਰ ਦੇਹੜਕਾ, ਜਸਦੇਵ ਸਿੰਘ ਕਾਉਂਕੇ, ਸੁਖਦੇਵ ਸਿੰਘ ਗਿੱਦੜਵਿੰਡੀ, ਹਰਿੰਦਰਜੀਤ ਚਾਹਲ ਗਾਲਿਬ, ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਸੁਖਜੀਤ ਸਿੰਘ ਅਖਾੜਾ, ਸਵਰਨ ਸਿੰਘ ਭੁੱਲਰ, ਅਮਰਜੀਤ ਸਿੰਘ ਗਾਲਿਬ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਉੱਤਮ ਸਿੰਘ, ਸਰਪੰਚ ਸੁਖਵਿੰਦਰ ਸਿੰਘ ਗਗੜਾ, ਕੁਲਦੀਪ ਸਿੰਘ ਸਿੱਧਵਾਂ ਕਲਾਂ, ਜਸਵੰਦਰ ਸਿੰਘ ਭੋਲਾ, ਜਗਜੀਤ ਸਿੰਘ ਤਿਹਾੜਾ ਆਦਿ ਮੌਜੂਦ ਸਨ |
ਬਰਨਾਲਾ ਕਾਂਗਰਸ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਜਗਰਾਉਂ ਤੋਂ 25 ਬੱਸਾਂ ਵਿਚ ਜਥਾ ਰਵਾਨਾ
ਅਜੀਤ ਡੈਸਕ
01-03-2026