ਜਗਰਾਉਂ, 28 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੀ.ਵੀ.ਰਮਨ ਫਿਜ਼ਿਕਸ ਸੁਸਾਇਟੀ ਵਲੋਂ ਨੈਸ਼ਨਲ ਸਾਇੰਸ ਦਿਵਸ ਦਾ ਆਯੋਜਨ ਡਾ: ਸਰਬਦੀਪ ਕੌਰ ਸਿੱਧੂ ਦੁਆਰਾ ਕੀਤਾ ਗਿਆ | ਇਸ ਮੌਕੇ ਡਾ: ਸਰਬਦੀਪ ਕੌਰ ਸਿੱਧੂ ਨੇ ਕਿਹਾ ਕਿ ਪ੍ਰਸਿੱਧ ਭੌਤਿਕ ਵਿਗਿਆਨੀ ਸੀ.ਵੀ ਰਮਨ ਵਲੋਂ ਕੀਤੀ ਗਈ ਖੋਜ 'ਰਮਨ ਪ੍ਰਭਾਵ' ਜੋ ਕਿ 1928 ਵਿਚ ਕੀਤੀ ਗਈ ਤੇ ਉਸ ਨੂੰ 1930 ਵਿਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਮਿਲਿਆ | ਇਸ ਤੋਂ ਬਾਅਦ 1987 ਤੋਂ ਹਰ ਸਾਲ 28 ਫਰਵਰੀ ਨੂੰ ਨੈਸ਼ਨਲ ਸਾਇੰਸ ਡੇ ਮਨਾਇਆ ਜਾਂਦਾ ਹੈ | ਉਨ੍ਹਾਂ ਇਸ ਦਿਨ ਦੀ ਮਹੱਤਤਾ ਅਤੇ ਸਾਇੰਸ ਦੇ ਸਾਡੇ ਜੀਵਨ ਵਿਚ ਮਹੱਤਵ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਪ੍ਰੋ: ਅਕਾਸ਼ਦੀਪ ਕੌਰ ਦੁਆਰਾ ਸੀ.ਵੀ. ਰਮਨ ਫਿਜਿਕਸ ਸੁਸਾਇਟੀ ਵਲੋਂ ਕਾਰਜਾਂ ਤੇ ਇਸ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ | ਇਸ ਮੌਕੇ ਕਰਵਾਏ ਲੇਖ ਲਿਖਣ ਮੁਕਾਬਲੇ ਵਿਚ ਗੁਰਨੂਰ ਕੌਰ ਨੇ ਪਹਿਲਾ ਸਥਾਨ, ਵਿਦਿਆਰਥਣ ਕਰਮਜੀਤ ਕੌਰ ਨੇ ਦੂਸਰਾ ਅਤੇ ਵਿਦਿਆਰਥਣ ਹਰਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਪੋਸਟਰ ਮੁਕਾਬਲਿਆਂ ਵਿਚੋਂ ਭੁਪਿੰਦਰ ਕੌਰ ਤੇ ਅਰਸ਼ਦੀਪ ਕੌਰ, ਜੈਸਮੀਨ ਬਾਂਸਲ ਤੇ ਰੇਨੂੰ ਪਾਰੀਕ ਅਤੇ ਯਜੱਸ਼ਵੀ ਭਾਟੀਆ ਤੇ ਅਨਮੋਲਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ | ਇੰਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ: ਸਰਬਦੀਪ ਕੌਰ, ਪ੍ਰੋ: ਅਕਾਸ਼ਦੀਪ ਕੌਰ, ਪ੍ਰੋ: ਸੁਮਿਤ ਸੋਨੀ ਤੇ ਪ੍ਰੋ: ਅਮੀਤ ਰਾਣਾ ਦੁਆਰਾ ਕੀਤੀ ਗਈ | ਇਸ ਮੌਕੇ ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਤੇ ਵਾਈਸ ਡਾਇਰੈਕਟਰ ਪ੍ਰੋ.ਨਿਧੀ ਮਹਾਜਨ ਨੇ ਕਿਹਾ ਕਿ ਵਿਗਿਆਨ ਜਨਤਾ ਅਤੇ ਸਮੁੱਚੀ ਮਾਨਵਤਾ ਦੇ ਵਿਕਾਸ ਅਤੇ ਕਲਿਆਣ ਲਈ ਇਕ ਸਾਧਨ ਵਜੋਂ ਹੈ, ਉਨ੍ਹਾਂ ਇਸ ਪ੍ਰੋਗਰਾਮ ਦੇ ਆਯੋਜਨ ਲਈ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਮੌਕੇ ਵਿਦਿਆਰਥਣ ਹਰਮਨਦੀਪ ਕੌਰ ਅਤੇ ਜਸਪ੍ਰੀਤ ਕੌਰ ਨੈਕ ਪੀਅਰ ਟੀਮ ਦੌਰਾਨ ਬਣਾਏ ਵਰਕਿੰਗ ਮਾਡਲ ਚੰਦਰਯਾਨ-3 ਦੀ ਸ਼ਲਾਘਾ ਕੀਤੀ ਗਈ | ਮੰਚ ਸੰਚਾਲਨ ਵਿਦਿਆਰਥਣ ਯਜੱਸ਼ਵੀ ਭਾਟੀਆ ਦੁਆਰਾ ਕੀਤਾ ਗਿਆ | ਇਸ ਮੌਕੇ ਪ੍ਰੋ: ਸਰਬਜੋਤ ਬੇਦੀ, ਸੁਮਿਤ ਸੋਨੀ, ਪਰਮਿੰਦਰ ਸਿੰਘ, ਡਾ: ਕਰਮਦੀਪ ਕੌਰ, ਪ੍ਰੋ: ਕਿਰਨਜੀਤ ਕੌਰ, ਪ੍ਰੋ.ਕੁਲਵਿੰਦਰ ਸਿੰਘ,ਪ੍ਰੋ.ਅਮਰਿੰਦਰ ਸਿੰਘ ਅਤੇ ਸਟਾਫ ਮੈਂਬਰ ਅਤੇ ਰਮਨ ਸੁਸਾਇਟੀ ਦੇ ਵਿਦਿਆਰਥੀ ਮੌਜੂਦ ਸਨ |