ਜਗਰਾਉਂ, 28 ਫਰਵਰੀ (ਵਿਨੋਦ ਕੁਮਾਰ)-ਸਥਾਨਕ ਮਹਾਂਪ੍ਰਗਿਆ ਸਕੂਲ ਵਿਖੇ ਯੂੁ.ਕੇ.ਜੀ. ਦੇ ਵਿਦਿਆਰਥੀਆਂ ਦੇ ਕਰਵਾਏ ਗ੍ਰੈਜੂਏਸ਼ਨ ਸਮਾਗਮ 'ਚ ਬੱਚਿਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ | ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਮਹਾਂ ਮੰਤਰ ਨਵਕਾਰ ਦਾ ਜਾਪ ਕਰਕੇ ਅਤੇ ਜਯੋਤੀ ਪ੍ਰਜਵਲ ਕਰਕੇ ਸਮਾਗਮ ਦਾ ਸ਼ੁੱਭ ਆਰੰਭ ਕੀਤਾ | ਜੂਨੀਅਰ ਸਕੂਲ ਦੇ ਕੋਆਰਡੀਨੇਟਰ ਸ੍ਰੀਮਤੀ ਸੁਰਿੰਦਰ ਕੌਰ ਨੇ ਮੰਚ ਤੋਂ ਆਏ ਹੋਏ ਪਤਵੰਤੇ ਸੱਜਣਾਂ ਤੇ ਮਾਪਿਆਂ ਦਾ ਸਵਾਗਤ ਕੀਤਾ | ਯੂ.ਕੇ.ਜੀ. ਦੇ ਵਿਦਿਆਰਥੀਆਂ ਵਲੋਂ ਮੂਲ ਮੰਤਰ ਦਾ ਜਾਪ ਕੀਤਾ | ਨਰਸਰੀ ਜਮਾਤ ਦੇ ਨੰਨੇ੍ਹ ਮੁੰਨੇ੍ਹ ਵਿਦਿਆਰਥੀਆਂ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਡਾਂਸ ਪੇਸ਼ ਕੀਤਾ | ਪੰਜਾਬੀ ਪਹਿਰਾਵੇ ਵਿਚ ਸਜੇ ਐੱਲ.ਕੇ.ਜੀ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਨਾਚ ਪੇਸ਼ ਕੀਤਾ | ਡਾਇਰੈਕਟਰ ਵਿਸ਼ਾਲ ਜੈਨ ਤੇ ਪਿ੍ੰਸੀਪਲ ਪ੍ਰਭਜੀਤ ਕੌਰ ਵਰਮਾ ਨੇ ਕਨਵੋਕੇਸ਼ਨ ਵਰਦੀਆਂ 'ਚ ਸਜੇ ਬੱਚਿਆਂ ਨੂੰ ਡਿਗਰੀਆਂ ਭੇਟ ਕੀਤੀਆਂ ਤੇ ਬੱਚਿਆਂ ਵਲੋਂ ਇਸੇ ਪਹਿਰਾਵੇ 'ਚ ਗ੍ਰੈਜੂਏਸ਼ਨ ਗੀਤ ਪੇਸ਼ ਕੀਤਾ ਗਿਆ | ਪਿ੍ੰਸੀਪਲ ਪ੍ਰਭਜੀਤ ਕੌਰ ਵਰਮਾ ਨੇ ਕਿਹਾ ਕਿ ਇਹ ਬੱਚੇ ਪੂਰੀ ਮਿਹਨਤ ਕਰਦੇ ਹਨ ਤੇ ਅੱਜ ਦਾ ਦਿਨ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਣ ਦਾ ਦਿਨ ਹੈ | ਸਟੇਜ਼ ਸੰਚਾਲਨ ਦੀ ਭੂਮਿਕਾ ਆਂਚਲ ਸੇਨ ਵਲੋਂ ਨਿਭਾਈ ਗਈ | ਸਮਾਗਮ ਦਾ ਸਮਾਪਨ ਰਾਸ਼ਟਰੀ ਗਾਣ ਨਾਲ ਹੋਇਆ |