14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਦਲਾਅ ਵਾਲੀ ਮਾਨ ਸਰਕਾਰ ਨੇ ਹੱਕਾਂ ਲਈ ਲੜ ਰਹੇ ਕਿਸਾਨਾਂ 'ਤੇ ਜ਼ੁਲਮ ਢਾਹੁਣ ਦੇ ਸਾਰੇ ਰਿਕਾਰਡ ਤੋੜੇ- ਢਿੱਲੋਂ, ਜੌਹਲ

ਅਜੀਤ ਡੈਸਕ 04-03-2026
ਸਿੱਧਵਾਂ ਬੇਟ, 3 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ (ਪੱਛਮੀ) ਦੇ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਮਲਸੀਹਾਂ ਬਾਜਣ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ ਜੌਹਲ ਜਨੇਤਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਆਪਣੇ ਆਪ ਨੂੰ ਹਮੇਸ਼ਾਂ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਮਾਨ ਸਰਕਾਰ ਨੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ 'ਤੇ ਜੁਲਮ ਢਾਅ ਕੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ | ਉਕਤ ਆਗੂਆਂ ਨੇ ਆਖਿਆ ਕਿ ਜਦੋਂ ਸੂਬੇ ਵਿਚ ਕਾਂਗਰਸ ਜਾਂ ਅਕਾਲੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਹਮੇਸ਼ਾਂ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦੱਸ ਕੇ ਕਿਸਾਨਾਂ ਨੂੰ ਇਕ ਤਰ੍ਹਾਂ ਨਾਲ ਗੁੰਮਰਾਹ ਕਰਦੇ ਰਹੇ | 'ਆਪ' ਆਗੂ ਕਿਸਾਨਾਂ ਨੂੰ ਇਹ ਆਖਦੇ ਰਹੇ ਕਿ ਕੇਂਦਰ ਦੀ ਮੋਦੀ ਸਰਕਾਰ ਹੀ ਕਿਸਾਨ ਵਿਰੋਧੀ ਹੈ, ਪਰ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤ੍ਹਾ ਸੰਭਾਲੀ ਤਾਂ ਉਹ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰਦੇ ਰਹੇ | ਪਹਿਲਾਂ ਉਨ੍ਹਾਂ ਨੇ ਸੋਚੀ ਸਮਝੀ ਸਾਜਿਸ਼ ਨਾਲ ਸੰਭੂ ਅਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਵਲੋਂ ਲਗਾਏ ਗਏ ਧਰਨਿਆਂ ਨੂੰ ਚੁੱਕਾ ਦਿੱਤਾ | ਕਿਸਾਨਾਂ ਦਾ ਸਾਰਾ ਸਮਾਨ ਖੁਰਦ-ਬੁਰਦ ਕਰਕੇ ਆਪਣੀ ਪਾਰਟੀ ਦੇ ਆਗੂਆਂ ਨੂੰ ਚੁੱਕਵਾ ਦਿੱਤਾ | ਫਿਰ ਮਾਨ ਸਰਕਾਰ ਨੇ ਸਤਲੁਜ-ਯਮਨਾ ਲਿੰਕ ਨਹਿਰ 'ਤੇ ਆਪਣੀ ਨੀਤੀ ਨੂੰ ਇਹ ਕਹਿਕੇ ਬਦਲ ਲਿਆ ਕਿ ਹਰਿਆਣਾ ਤਾਂ ਸਾਡਾ ਛੋਟਾ ਭਰਾ ਹੈ, ਜਿਸ ਦਾ ਵੀ ਪਾਣੀਆਂ 'ਤੇ ਉਸੇ ਤਰ੍ਹਾਂ ਹੱਕ ਹੈ | ਜਿਸ ਤਰ੍ਹਾਂ ਇਕ ਵੱਡੇ ਭਰਾ ਦਾ ਹੁੰਦਾ ਹੈ | ਉਕਤ ਆਗੂਆਂ ਨੇ ਆਖਿਆ ਕਿ ਹੁਣ ਮਾਨ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਜੁਬਾਨੀ ਹੁਕਮ ਦੇ ਦਿੱਤੇ ਹਨ ਕਿ ਜਿੱਥੇ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਵਰਕਰ ਇਕੱਠੇ ਹੁੰਦੇ ਹਨ ਉਨ੍ਹਾਂ ਨੂੰ ਬੈਠਣ ਨਾ ਦਿਉ | ਉਨ੍ਹਾਂ ਨਾਲ ਜੋ ਵੀ ਸਲੂਕ ਹੁੰਦਾ ਹੈ ਕਰੋ | ਇਹੀ ਕਾਰਨ ਹੈ ਕਿ ਅੱਜ ਦੇਸ਼ ਦੀ ਰੀੜ੍ਹ ਦੀ ਹੱਡੀ ਨਾਲ ਜਾਣੇ ਜਾਂਦੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਮਾਨ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ 2027 ਵਿਚ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ, ਕਿਉਂਕਿ ਮਾਨ ਸਰਕਾਰ ਵੀ ਹੁਣ ਕੇਂਦਰ ਸਰਕਾਰ ਦੇ ਰਾਹ ਤੁਰ ਪਈ ਹੈ |
ਪਿਛਲੀ ਖ਼ਬਰ ਮੋਹਨ ਸਿੰਘ ਮਾਨ ਵਲੋਂ ਦੋ ਲੋੜਵੰਦ ਅਪਾਹਜਾਂ ਨੂੰ ਵ੍ਹੀਲਚੇਅਰਾਂ ਭੇਟ ਅਗਲੀ ਖ਼ਬਰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।