16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

'ਅੱਜ ਵੀ ਦੇਸ਼ ਦੀ ਵੰਡ ਦੇ ਦਰਦ ਨੂੰ ਸਮੋਈ ਖੜ੍ਹਾ ਹੈ ਪੁਰਾਤਨ ਖੂਹ'

ਅਜੀਤ ਡੈਸਕ 30-04-2026
ਰਾਏਕੋਟ, 29 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਬੇਸ਼ੱਕ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀ, ਪ੍ਰੰਤੂ ਇਸ ਦੇ ਨਾਲ ਹੀ ਦੇਸ਼ ਦੇ ਦੋ ਟੁਕੜੇ ਹੋ ਗਏ ਸਨ, ਜਿਸ ਦੇ ਚੱਲਦੇ ਉਸ ਸਮੇਂ ਕਈ ਅਜਿਹੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਜੋ ਇਸ ਆਜ਼ਾਦੀ ਦੇ ਮਿਲਣ ਦੇ ਨਾਲ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਇਕ ਵੱਡਾ ਜ਼ਖ਼ਮ ਦੇ ਕੇ ਚਲੀਆਂ ਗਈਆਂ | ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਹੈ ਰਾਏਕੋਟ ਦੇ ਪਿੰਡ ਆਂਡਲੂ ਵਿਖੇ ਜਿੱਥੇ ਉਸ ਪਿੰਡ ਉੱਪਰ ਇਕ ਅਜਿਹੀ ਯਾਦ ਉਲੀਕ ਗਿਆ ਹੈ, ਜਿਸ ਨੂੰ ਦੇਖ ਕੇ ਹੁਣ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਜਦੋਂ ਵੰਡ ਸਮੇਂ ਇਕ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਆਪਣੇ ਖੇਤ ਵਿਚ ਉਸਾਰੇ ਜਾ ਰਹੇ ਖੂਹ ਨੂੰ ਅੱਧ-ਵਿਚਕਾਰ ਛੱਡ ਕੇ ਹੀ ਨਵੇਂ ਬਣੇ ਦੇਸ਼ ਪਾਕਿਸਤਾਨ ਵਿਚ ਚਲੇ ਗਏ, ਲੇਕਿਨ ਹੁਣ ਇਸ ਪਿੰਡ ਦੀ ਉਸ ਧਰਤੀ 'ਤੇ ਵੰਡ ਵੇਲੇ ਦੇ ਦਰਦ, ਵਿਛੋੜੇ ਅਤੇ ਮਨੁੱਖਤਾ ਦੀਆਂ ਅਮਿੱਟ ਕਹਾਣੀਆਂ ਨੂੰ ਆਪਣੇ ਅੰਦਰ ਸਮੇਟੇ ਬੈਠਾ ਇਹ ਵਿਰਾਸਤੀ ਖ਼ੂਹ ਅੱਜ ਵੀ ਸਮੇਂ ਦੀ ਖਾਮੋਸ਼ ਗਵਾਹੀ ਦੇ ਰਿਹਾ ਹੈ | ਕਹਿੰਦੇ ਹਨ ਕਿ ਜਦੋਂ 1947 ਦੀ ਵੰਡ ਨੇ ਲੋਕਾਂ ਦੇ ਘਰ, ਪਰਿਵਾਰ ਅਤੇ ਸੁਪਨੇ ਵੰਡ ਦਿੱਤੇ ਸਨ, ਉਸ ਵੇਲੇ ਇਹ ਖੂਹ ਕਈ ਪਰਿਵਾਰਾਂ ਦੀ ਪਿਆਸ ਹੀ ਨਹੀਂ, ਸਗੋਂ ਉਨ੍ਹਾਂ ਦੇ ਦੁੱਖਾਂ ਦਾ ਸਾਥੀ ਵੀ ਬਣਿਆ ਸੀ | ਇਹ ਖੂਹ ਉਸ ਸਮੇਂ ਦੀਆਂ ਅਣ-ਗਿਣਤ ਯਾਦਾਂ, ਹੌਕਿਆਂ ਅਤੇ ਅਰਦਾਸਾਂ ਨੂੰ ਅੱਜ ਤੱਕ ਆਪਣੇ ਸੀਨੇ ਵਿਚ ਸੰਭਾਲੇ ਬੈਠਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਅਨਮੋਲ ਨਿਸ਼ਾਨੀ ਨੂੰ ਪਿੰਡ ਆਂਡਲੂ ਦੇ ਇਕ ਪਰਿਵਾਰ ਨੇ ਸਾਲਾਂ ਤੱਕ ਆਪਣੀ ਵਿਰਾਸਤ ਸਮਝ ਕੇ ਸੰਭਾਲਿਆ ਹੈ | ਨਾ ਸਮੇਂ ਦੀ ਧੂੜ ਇਸ ਨੂੰ ਮਿਟਾ ਸਕੀ, ਨਾ ਹਾਲਾਤਾਂ ਦੀਆਂ ਆਂਧੀਆਂ ਇਸ ਦੀ ਮਹੱਤਤਾ ਘਟਾ ਸਕੀਆਂ | ਇਸ ਪਰਿਵਾਰ ਨੇ ਸਾਬਤ ਕੀਤਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਸੰਭਾਲਦੀਆਂ ਹਨ, ਉਹੀ ਆਪਣਾ ਭਵਿੱਖ ਰੌਸ਼ਨ ਕਰਦੀਆਂ ਹਨ | ਅੱਜ ਪਿੰਡ ਵਾਸੀਆਂ ਵਲੋਂ ਇਸ ਪਰਿਵਾਰ ਅਤੇ ਵਿਰਾਸਤੀ ਖ਼ੂਹ ਨੂੰ ਸੰਭਾਲਣ ਵਾਲੀ ਟੀਮ ਮਨਜੀਤ ਸਿੰਘ ਧਾਲੀਵਾਲ ਯੂ.ਐੱਸ.ਏ, ਇੰਜੀਨੀਅਰ ਨਮਿਤਾ ਜਸਪਾਲ ਅਤੇ ਮਨਪ੍ਰੀਤ ਸਿੰਘ ਜਸਪਾਲ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਿਰੋਪਾਓ, ਯਾਦਗਾਰੀ ਚਿੰਨ੍ਹ ਅਤੇ ਸਤਿਕਾਰ ਦੇ ਸ਼ਬਦਾਂ ਨਾਲ ਉਨ੍ਹਾਂ ਨੂੰ ਨਿਵਾਜਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਨਜੀਤ ਸਿੰਘ ਧਾਲੀਵਾਲ ਚੌਂਕੀਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਪੁਰਾਤਨ ਖ਼ੂਹ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਇਸ ਨੂੰ ਸੰਭਾਲਣ ਦਾ ਫ਼ੈਸਲਾ ਕੀਤਾ, ਜਿਸ ਸਬੰਧੀ ਉਨ੍ਹਾਂ ਵਲੋਂ ਮਨਪ੍ਰੀਤ ਸਿੰਘ ਜਸਪਾਲ, ਨਮਿਤਾ ਜਸਪਾਲ ਆਦਿ ਇੰਜੀਨੀਅਰਾਂ ਦੀ ਟੀਮ ਨੂੰ ਨਾਲ ਲੈ ਕੇ ਇਸ ਖੂਹ ਦਾ ਮੁਆਇਨਾ ਕੀਤਾ ਗਿਆ ਅਤੇ ਇਸ ਵਿਚ ਵਰਤਿਆ ਗਿਆ, ਮਟੀਰੀਅਲ ਸਬੰਧੀ ਸਿੰਪਲ ਲੈ ਕੇ ਲੈਬ ਵਿਚ ਭੇਜੇ ਗਏ ਹਨ ਤਾਂ ਕਿ ਇਸ ਖ਼ੂਹ ਨੂੰ ਇਕ ਵਿਰਾਸਤ ਵਜੋਂ ਸਾਂਭਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਖ਼ੂਹ ਦੀ ਜਾਂਚ ਵਿਚ ਲੱਗੀ ਟੀਮ ਵਲੋਂ ਪਹਿਲਾਂ ਪਾਤਿਸ਼ਾਹੀ ਛੇਵੀਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਪਿੰਡ ਘਲੋਟੀ ਵਿਖੇ ਸੇਵਾ ਕਰਵਾਈ ਗਈ ਹੈ ਅਤੇ ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਰਾਤਨ ਪਿੰਡ ਪੇਂਟਿੰਗ ਨੂੰ ਸੰਭਾਲਣ ਦਾ ਕੰਮ ਕੀਤਾ ਗਿਆ ਹੈ ਅਤੇ ਹੁਣ ਸਰਹਿੰਦ ਵਿਖੇ ਦੀਵਾਨ ਟੋਡਰ ਮੱਲ ਜੀ ਦੀ ਯਾਦ ਵਿਚ ਨਿਰਮਾਣ ਅਧੀਨ ਵਿਰਾਸਤੀ ਹਵੇਲੀ ਜਿਸ ਨੂੰ ਜਹਾਜੀ ਹਵੇਲੀ ਵੀ ਕਿਹਾ ਜਾਂਦਾ ਹੈ, ਉਸ ਦੇ ਨਿਰਮਾਣ ਵਿਚ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਜਲਦ ਹੀ ਇਸ ਵਿਰਾਸਤੀ ਖ਼ੂਹ ਨੂੰ ਵੀ ਪੁਰਾਤਨ ਦਿੱਖ ਅਨੁਸਾਰ ਸੰਭਾਲਣ ਦਾ ਕੰਮ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗ ਸਕੇ ਕਿ ਦੇਸ਼ ਦੀ ਵੰਡ ਸਮੇਂ ਕੀ ਹੋਇਆ ਸੀ ਅਤੇ ਕਿਸ ਤਰ੍ਹਾਂ ਇਸ ਪਰਿਵਾਰ ਨੇ ਇਹ ਖ਼ੂਹ ਨੂੰ ਹੁਣ ਤੱਕ ਸੰਭਾਲ ਰੱਖਿਆ ਹੈ | ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਪੰਚ ਹਰਵੀਰ ਸਿੰਘ ਦਿਉਲ, ਪੰਚ ਲਛਮਣ ਸਿੰਘ, ਪੰਚ ਜਸਵੰਤ ਸਿੰਘ, ਪੰਚ ਕਸ਼ਮੀਰੀ ਲਾਲ, ਪੰਚ ਕਮਲਜੀਤ ਕੌਰ, ਪੰਚ ਕਿਰਨਦੀਪ ਕੌਰ, ਪੰਚ ਕੁਲਦੀਪ ਕੌਰ, ਪੰਚ ਰਜੀਨਾ, ਚੇਅਰਮੈਨ ਜਗਦੇਵ ਸਿੰਘ, ਦਰਸ਼ਨ ਸਿੰਘ ਤੂਰ, ਜੁਗਰਾਜ ਸਿੰਘ ਤੂਰ, ਮੋਹਣ ਸਿੰਘ, ਭਿੰਦਰ ਸਿੰਘ ਗਰੇਵਾਲ, ਭਿੰਦਰ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਦਿਆਲ ਸਿੰਘ, ਗੁਰਦੀਪ ਸਿੰਘ ਗਰੇਵਾਲ, ਕੁਲਜਿੰਦਰਦੀਪ ਸਿੰਘ ਕੈਨੇਡਾ, ਅਵਤਾਰ ਸਿੰਘ, ਅਵਤਾਰ ਸਿੰਘ ਗਰੇਵਾਲ, ਹਰਦਿਆਲ ਸਿੰਘ, ਕਿਰਨਦੀਪ ਸਿੰਘ, ਸਾਦੀ ਖਾਨ, ਪਰਮਜੀਤ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਅਮਨ ਰਾਏਕੋਟ, ਦਲੀਪ ਸਿੰਘ, ਮਨਜੀਤ ਸਿੰਘ, ਮਨੀ ਸਿੰਘ, ਸਿਓ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ 'ਚ ਵਿਦਿਆਰਥੀਆਂ ਲਈ ਵਚਨਬੱਧਤਾ (ਇਨਵੈਸਟੀਚਰ) ਸਮਾਰੋਹ ਕਰਵਾਇਆ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਵਿਦਿਆਰਥੀਆਂ 'ਚ ਦਾਖ਼ਲਿਆਂ ਪ੍ਰਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।