ਭੂੰਦੜੀ, 30 ਅਪ੍ਰੈਲ (ਕੁਲਦੀਪ ਸਿੰਘ ਮਾਨ)-ਕੈਂਸਰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਭੂੰਦੜੀ ਦੇ ਨੁਮਾਇੰਦਿਆਂ ਡਾ. ਸੁਖਦੇਵ ਸਿੰਘ, ਸੁਰਜੀਤ ਸਿੰਘ (ਸਾਬਕਾ ਚੇਅਰਮੈਨ), ਗੁਰਮੇਲ ਸਿੰਘ ਸਨੇਤ (ਪ੍ਰਧਾਨ), ਕਿਸਾਨ ਯੂਨੀਅਨ ਆਗੂ ਸਤਵੰਤ ਸਿੰਘ ਸਿਵੀਆ ਤੇ ਸੁਰਿੰਦਰ ਸਿੰਘ ਮੁਕੰਦਪੁਰ ਨੇ ਦੱਸਿਆ ਕਿ ਭੂੰਦੜੀ 'ਚ ਗੈਸ ਫੈਕਟਰੀ ਵਿਰੁੱਧ ਸੰਘਰਸ਼ ਲਗਭਗ 2 ਸਾਲ ਅਤੇ 1 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਦੇ ਮੈਂਬਰ ਅਜੇ ਵੀ ਲਗਾਤਾਰ ਚੌਕਸੀ ਪਹਿਰੇ 'ਤੇ ਬੈਠੇ ਹੋਏ ਹਨ | ਭਾਵੇਂ ਬਾਇਓ ਗੈਸ ਫੈਕਟਰੀ ਦਾ ਮਾਲਕ ਆਪਣਾ ਸਾਮਾਨ ਚੁੱਕ ਕੇ ਲੈ ਗਿਆ ਹੈ, ਪਰ ਮਾਮਲਾ ਹਾਈਕੋਰਟ ਚੰਡੀਗੜ੍ਹ ਵਿਚ ਅਜੇ ਵੀ ਲੰਬਿਤ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਵਾਰ-ਵਾਰ ਬੁਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ | ਆਗੂਆਂ ਨੇ ਦਿ੍ੜ੍ਹਤਾ ਨਾਲ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇਹ ਫੈਕਟਰੀ ਕਿਸੇ ਵੀ ਕੀਮਤ 'ਤੇ ਨਹੀਂ ਲੱਗਣ ਦਿੱਤੀ ਜਾਵੇਗੀ | ਉਨ੍ਹਾਂ ਦੇ ਮੁਤਾਬਕ ਇਹ ਪ੍ਰੋਜੈਕਟ ਗਾਈਡਲਾਈਨਾਂ ਦੀ ਉਲੰਘਣਾ ਕਰਦੇ ਹੋਏ ਆਬਾਦੀ ਵਾਲੇ ਇਲਾਕੇ ਵਿਚ ਲਗਾਇਆ ਜਾ ਰਿਹਾ ਹੈ | ਅੱਜ ਦੇ ਧਰਨੇ ਵਿਚ ਭੋਲਾ ਸਿੰਘ ਕਾਉਂਕੇ, ਸੁਖਦੇਵ ਸਿੰਘ ਬੂਰਾ, ਪੂਰਨ ਸਿੰਘ ਪੂਰੀ, ਸਤਵੰਤ ਸਿੰਘ ਫੌਜੀ, ਬਲਦੇਵ ਸਿੰਘ ਲਤਾਲਾ, ਅਮਰਜੀਤ ਸਿੰਘ ਹੇਰਾ ਅਤੇ ਅਮਰ ਸਿੰਘ ਰਾਮਾ ਸਮੇਤ ਹੋਰ ਹਾਜ਼ਰ ਸਨ |