ਮੁੱਲਾਂਪੁਰ-ਦਾਖਾ, 30 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਕਾਫੀ ਸਮੇਂ ਤੋਂ ਪੰਜਾਬ 'ਚ ਵਧੀ ਲੁੱਟ-ਖੋਹ ਅਤੇ ਕਤਲੋ-ਗਾਰਦ ਨਾਲ ਆਮ ਲੋਕਾਂ ਅਤੇ ਕਾਰੋਬਾਰੀਆਂ ਦਾ ਸਰਕਾਰ ਤੋਂ ਭਰੋਸਾ ਉੱਠ ਗਿਆ, ਅਜਿਹਾ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹੋਣਾ ਪੈਣਾ ਤਾਂ ਹੀ ਸੂਬੇ 'ਚ ਅਮਨ ਸ਼ਾਂਤੀ ਬਰਕਰਾਰ ਰਹਿ ਸਕਦੀ ਹੈ, ਇਹ ਪ੍ਰਗਟਾਵਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਸੂਬੇ 'ਚ ਵਧ ਰਹੀ ਨਸ਼ਾ ਤਸਕਰੀ, ਕਤਲੋ-ਗਾਰਦ 'ਤੇ ਚਿੰਤਤ ਹੁੰਦਿਆਂ ਕੀਤਾ | ਇਯਾਲੀ ਨੇ ਕਿਹਾ ਕਿ ਸਮੈਕ ਵਰਗੇ ਮਾਰੂ ਨਸ਼ੇ ਦੀਆਂ ਜੜ੍ਹਾਂ ਇਸ ਕਦਰ ਫੈਲ ਗਈਆਂ ਕਿ ਜਵਾਨੀ ਦਾ ਕੁਝ ਹਿੱਸਾ ਨਸ਼ੇੜੀ ਤੇ ਵਿਹਲੜ ਹੋ ਗਿਆ, ਸਰਹੱਦੀ ਸੂਬਾ ਪੰਜਾਬ 'ਚ ਡਰੋਨਾਂ ਰਾਹੀਂ ਨਸ਼ਾ ਅਤੇ ਗ੍ਰਨੇਡ ਹਮਲਿਆਂ ਨੇ ਪੂਰੇ ਪੰਜਾਬ ਦੇ ਮਾਹੌਲ ਵਿਚ ਅਸਥਿਰਤਾ ਅਤੇ ਅਨਿਸਚਿਤਤਾ ਪੈਦਾ ਕਰ ਦਿੱਤੀ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਪਰੋਕਤ ਘਟਨਾਵਾਂ ਪਿੱਛੇ ਬੇਰੁਜ਼ਗਾਰੀ ਵੀ ਵੱਡਾ ਕਾਰਨ ਹੈ, ਸਰਕਾਰਾਂ ਕੋਲ ਨੌਜਵਾਨਾਂ ਲਈ ਨੌਕਰੀਆਂ ਹੋਣ ਤਾਂ ਅਜਿਹਾ ਘੱਟ ਵਾਪਰੇਗਾ, ਕਿਉਂਕਿ ਨੌਕਰੀਸ਼ੁਦਾ ਨੌਜਵਾਨ ਮਾੜੇ ਦੋਸਤਾਂ ਤੋਂ ਹਮੇਸ਼ਾਂ ਲਈ ਦੂਰ ਰਹਿਣਾ ਸਿੱਖ ਜਾਂਦਾ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਸਵਾਮੀਨਾਥਨ ਫਾਰਮੂਲੇ ਅਨੁਸਾਰ ਕਿਸਾਨਾਂ ਨੂੰ ਐੱਮ. ਐੱਸ. ਪੀ. ਦੇਵੇ ਤਾਂ ਨੌਜਵਾਨ ਛੋਟੀ ਖੇਤੀ ਨਾਲ ਜੁੜ ਕੇ ਆਪਣੀ ਆਮਦਨ ਵਧਾ ਸਕਦਾ | ਪਿਛਲੇ 10-12 ਵਰਿ੍ਹਆਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਦਾ ਰਾਗ ਅਲਾਪ ਰਹੀ ਹੈ, ਪ੍ਰੰਤੂ ਖੇਤੀ ਆਮਦਨ ਦਿਨ-ਬ-ਦਿਨ ਘਟਦੀ ਜਾ ਰਹੀ ਹੈ | ਇਯਾਲੀ ਨੇ ਕਿਹਾ ਕਿ ਸਰਕਾਰਾਂ ਦੀਆਂ ਖੇਤੀਬਾੜੀ ਨੀਤੀਆਂ ਖੇਤੀ ਨੂੰ ਵਿਹਾਰਕ ਅਤੇ ਕਿਸਾਨ ਅਨੁਕੂਲ ਬਣਾਉਣ 'ਤੇ ਸਹੀ ਹੁੰਦੀਆਂ ਤਾਂ ਨਾ ਹੀ ਕਿਸਾਨਾਂ ਸਿਰ ਕਰਜ਼ਾ ਵਧਦਾ, ਨਾ ਹੀ ਕਿਸਾਨ ਖੁਦਕੁਸ਼ੀਆਂ!