ਜਗਰਾਉਂ, 11 ਮਈ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੀ ਪ੍ਰਬੰਧਕੀ ਕਮੇਟੀ, ਪਿ੍ੰਸੀਪਲ ਮੈਡਮ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਨੇ ਸਿੱਖਿਆ ਦੇ ਖੇਤਰ ਵਿਚ ਇਕ ਵੱਖਰੀ ਪਛਾਣ ਬਣਾਈ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਕੂਲ ਦੇ ਹੋਣਹਾਰ ਵਿਦਿਆਰਥੀ ਤਨਵੀਰ ਸਿੰਘ ਨੇ 624/650 ਅੰਕ ਹਾਸਿਲ ਕਰਕੇ ਪੰਜਾਬ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾਇਆ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਤਨਵੀਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਢੋਲਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿਚ ਜਗਰਾਉਂ 'ਚੋਂ ਪਹਿਲਾ ਸਥਾਨ ਅਤੇ ਪੰਜਾਬ ਭਰ 'ਚੋਂ 21ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ | ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਂਵੀਰ ਜੈਨ ਅਤੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਵਲੋਂ ਵਿਦਿਆਰਥੀ ਨੂੰ 2100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ | ਉਨ੍ਹਾਂ ਨੇ ਇਸ ਸਫ਼ਲਤਾ ਦਾ ਸਿਹਰਾ ਵਿਦਿਆਰਥੀ ਦੀ ਲਗਨ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ | ਸਕੂਲ ਪਹੁੰਚਣ 'ਤੇ ਤਨਵੀਰ ਸਿੰਘ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਰਿਤਾ ਅਗਰਵਾਲ, ਅੰਜੂ ਕੌਸ਼ਲ, ਰਿਸ਼ੂ ਬਾਂਸਲ, ਅੰਕਿਤਾ ਗੁਪਤਾ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |