ਸਿੱਧਵਾਂ ਬੇਟ, 11 ਮਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ ਅਤੇ ਬੇਟ ਇਲਾਕੇ ਦੇ ਸੀਨੀਅਰ ਕਾਂਗਰਸ ਆਗੂ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂਆਂ 'ਤੇ ਨਿਸ਼ਾਨੇ ਸਾਧਦੇ ਹੋਏ ਆਖਿਆ ਕਿ ਜਿਹੜੇ ਲੋਕ ਪੰਜਾਬ ਨੂੰ ਦੋਹੀਂ ਹੱਥੀ ਲੁੱਟਣ 'ਤੇ ਲੱਗੇ ਹੋਏ ਹਨ, ਹੁਣ ਉਹ ਆਪਣੀ ਪਾਰਟੀ ਦਾ ਨਾਂਅ ਲੈਣ ਦੀ ਬਜਾਏ ਪੰਜਾਬ ਨੂੰ ਬਚਾਉਣ ਦੀ ਦੁਹਾਈ ਦੇ ਕੇ ਲੋਕਾਂ ਨੂੰ ਇਕ ਵਾਰ ਫਿਰ ਗੁੰਮਰਾਹ ਕਰਨ ਵਿਚ ਲੱਗੇ ਹੋਏ ਹਨ, ਪਰ ਹੁਣ ਲੋਕ ਇਨ੍ਹਾਂ ਦੇ ਬਹਿਕਾਵੇ ਵਿਚ ਆਉਣ ਵਾਲੇ ਨਹੀਂ ਹਨ | ਉਕਤ ਆਗੂਆਂ ਨੇ ਈ.ਡੀ. ਵਲੋਂ ਸੂਬੇ ਦੇ ਮੰਤਰੀ ਸੰਜੀਵ ਅਰੋੜਾ 'ਤੇ ਕੀਤੀ ਜਾ ਰਹੀ ਕਾਰਵਾਈ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਦੀ ਸ਼ਹਿ 'ਤੇ ਜਦੋਂ ਕੋਈ ਏਜੰਸੀ ਕਿਸੇ ਵਿਰੋਧੀ ਆਗੂ 'ਤੇ ਝੂਠੇ ਪਰਚੇ ਦਰਜ ਕਰਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਆਖਦੇ ਹਨ ਕਿ ਏਜੰਸੀਆਂ ਆਪਣੇ ਢੰਗ ਤਰੀਕੇ ਨਾਲ ਕਾਰਵਾਈ ਕਰ ਰਹੀਆਂ ਹਨ, ਪਰ ਜਦੋਂ ਅੱਜ ਇਨ੍ਹਾਂ ਦੇ ਇਕ ਮੰਤਰੀ ਦੇ ਘਰ ਈ.ਡੀ. ਦੀ ਛਾਪੇਮਾਰੀ ਹੋ ਰਹੀ ਹੈ ਤਾਂ ਪੂਰੀ ਕੈਬਨਿਟ ਹੀ ਇਸ ਨੂੰ ਸਿਆਸੀ ਧੱਕੇਸ਼ਾਹੀ ਦੀ ਰੰਗਤ ਦੇਣ ਦਾ ਰੌਲਾ ਪਾ ਰਹੀ ਹੈ, ਜੋ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਾਖਾ ਸੀਟ ਜਿੱਤ ਕੇ ਹਾਈਕਮਾਨ ਦੀ ਝੋਲੀ ਵਿਚ ਪਾਈ ਜਾਵੇਗੀ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਬਣੇਗੀ |