ਜਗਰਾਉਂ, 16 ਮਈ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਜਗਰਾਉਂ, ਸਿੱਧਵਾਂ ਬੇਟ ਬਲਾਕਾਂ ਦੇ ਦਰਜਨ ਦੇ ਕਰੀਬ ਪਿੰਡਾਂ 'ਚ ਮੋਦੀ ਸਰਕਾਰ, ਭਾਜਪਾ ਅਤੇ ਰਾਜਪਾਲ ਪੰਜਾਬ ਦੀਆਂ ਅਰਥੀਆਂ ਫੂਕੀਆਂ | ਇਸ ਸਮੇਂ ਇੰਨ੍ਹਾਂ ਪਿੰਡਾਂ ਡੱਲਾ, ਦੇਹੜਕਾ, ਭੰਮੀਪੁਰਾ, ਬੱਸੂਵਾਲ, ਕਾਉਂਕੇ, ਅਗਵਾੜ ਲੋਪੋਂ, ਭੁਮਾਲ, ਗਾਲਿਬ ਕਲਾਂ, ਸੇਖਦੌਲਤ, ਸ਼ੇਰਪੁਰ ਕਲਾਂ, ਭੂੰਦੜੀ, ਭਰੋਵਾਲ ਆਦਿ ਪਿੰਡਾਂ 'ਚ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪਾਣੀਆਂ ਦੇ ਮਸਲੇ ਤੋਂ ਬਿਨਾਂ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਗਏ ਵਿਸ਼ਾਲ ਮੁਜ਼ਾਹਰੇ ਤੇ ਚੰਡੀਗੜ੍ਹ ਪੁਲਿਸ ਵਲੋਂ ਢਾਹੇ ਜ਼ਬਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ | ਇੰਨ੍ਹਾਂ ਪ੍ਰਦਰਸ਼ਨਾਂ 'ਚ ਮੋਦੀ ਸਰਕਾਰ ਮੁਰਦਾਬਾਦ, ਰਾਜਪਾਲ ਪੰਜਾਬ ਮੁਰਦਾਬਾਦ, ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾਏ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ, ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਜਪਾਲ ਪੰਜਾਬ ਨੂੰ ਮਿਲ ਕੇ ਕਿਸਾਨੀ ਮੰਗਾਂ ਦਾ ਮੰਗ ਪੱਤਰ ਦੇਣ ਗਏ ਸਨ ਤਾਂ ਕਿਸਾਨਾਂ 'ਤੇ ਗੱਲ ਕਰਨ ਦੀ ਥਾਂ ਪੁਲਿਸ ਜ਼ਬਰ ਢਾਹਿਆ ਗਿਆ | ਇਸ ਸਮੇਂ ਕਿਸਾਨਾਂ 'ਤੇ ਲਾਠੀਚਾਰਜ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਗਿ੍ਫ਼ਤਾਰੀਆਂ ਨਾਲ ਪੰਜਾਬ ਦੇ ਅੰਨਦਾਤਿਆਂ ਨੂੰ ਖੱਜ਼ਲ ਖੁਆਰ ਕੀਤਾ ਗਿਆ ਅਤੇ ਜਬਰ ਢਾਹੇ ਗਏ | ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਭਾਜਪਾ ਨੂੰ ਪੰਜਾਬ ਦੇ ਪਿੰਡਾਂ 'ਚ ਨਹੀਂ ਸੀ ਵੜਣ ਦਿੱਤਾ ਗਿਆ ਸੀ | ਇੰਨ੍ਹਾਂ ਪਿੰਡਾਂ 'ਚ ਪ੍ਰਦਰਸ਼ਨਾਂ ਦੌਰਾਨ ਤਰਸੇਮ ਸਿੰਘ ਬੱਸੂਵਾਲ, ਰਛਪਾਲ ਸਿੰਘ ਨਵਾਂ ਡੱਲਾ, ਜਸਵਿੰਦਰ ਸਿੰਘ ਡੱਲਾ, ਨਿਰਮਲ ਸਿੰਘ ਭੰਮੀਪੁਰਾ, ਕੁੰਡਾ ਸਿੰਘ ਕਾਉਂਕੇ, ਜਸਵਿੰਦਰ ਸਿੰਘ ਭਮਾਲ, ਕੁਲਵੰਤ ਸਿੰਘ ਗਾਲਿਬ, ਚਰਨਜੀਤ ਸਿੰਘ ਸੇਖਦੌਲਤ, ਬਸੰਤ ਸਿੰਘ ਭਰੋਵਾਲ, ਜੱਸਾ ਭੂੰਦੜੀ, ਡਾ. ਸੂਖਦੇਵ ਸਿੰਘ ਆਦਿ ਹਾਜ਼ਰ ਸਨ |