ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਅਤੇ ਅਦਾਰਾ ਪਨਗਰੇਨ ਦੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਅੱਜ ਪਾਰਟੀ ਦੇ ਲੁਧਿਆਣਾ ਦਿਹਾਤੀ ਮੁੱਖ ਦਫ਼ਤਰ ਸੁਧਾਰ ਵਿਖੇ ਨਗਰ ਕੌਂਸਲ ਜਗਰਾਉਂ ਅਤੇ ਰਾਏਕੋਟ ਦੇ ਵੱਖ-ਵੱਖ ਵਾਰਡਾਂ ਤੋਂ ਪਾਰਟੀ ਤਰਫ਼ੋਂ ਚੋਣ ਲੜ੍ਹਨ ਜਾ ਰਹੇ ਉਮੀਦਵਾਰਾਂ ਨੂੰ ਥਾਪੜਾ ਦਿੱਤਾ | ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਜਿਥੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਉਮੀਦਵਾਰਾਂ ਨੂੰ ਜਿੱਤ ਹਾਸਲ ਕਰਨ ਦੇ ਗੁਰਮੰਤਰ ਦਿੱਤੇ ਉਥੇ ਭਰੋਸਾ ਦਿਵਾਇਆ ਕਿ ਹਰ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਚੋਣ ਪ੍ਰਚਾਰ ਕਰਨ ਸਮੇਤ ਵਾਰਡਾਂ ਦੇ ਵੋਟਰਾਂ ਤੱਕ ਖ਼ੁਦ ਪਹੁੰਚ ਕਰਨਗੇ | ਡਾ: ਤੇਜਪਾਲ ਗਿੱਲ ਨੇ ਇਹ ਵੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਪਨਗਰੇਨ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ, ਗੁਰਮਿੰਦਰ ਤੂਰ, ਹਰਪ੍ਰੀਤ ਸਿੰਘ ਜੌਹਲਾਂ, ਸਾਹਿਲ ਗੋਇਲ, ਅਮਨਦੀਪ ਸਿੰਘ ਮਾਂਗਟ, ਮਨਜਿੰਦਰ ਸਿੰਘ ਕਾਕੂ, ਅਵਤਾਰ ਸਿੰਘ, ਰੀਨਾ ਰਾਏ ਆਦਿ ਸਮੇਤ ਹੋਰ ਵੱਡੀ ਗਿਣਤੀ ਵਿਚ ਪਾਰਟੀ ਆਗੂ, ਵਰਕਰ ਤੇ ਸਮਰਥਕ ਹਾਜ਼ਰ ਸਨ |