ਜਗਰਾਉਂ, 16 ਮਈ (ਗੁਰਦੀਪ ਸਿੰਘ ਮਲਕ)-ਜਗਰਾਉਂ ਦੇ ਕੋਠੇ ਖੰਜੂਰਾਂ ਤੋਂ ਲੁਧਿਆਣਾ ਰੋਡ 'ਤੇ ਸਥਿਤ ਇਕ ਫਰਨੀਚਰ ਫੈਕਟਰੀ ਵਿਚ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦਾ ਤਿਆਰ ਫਰਨੀਚਰ, ਲੱਕੜ, ਪਲਾਈਵੁੱਡ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ | ਅੱਗ ਦੀ ਇਸ ਵੱਡੀ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਅਤੇ ਹੜਕੰਪ ਦਾ ਮਾਹੌਲ ਬਣ ਗਿਆ | ਅੱਗ ਦੀਆਂ ਉੱਚੀਆਂ ਲਪਟਾਂ ਅਤੇ ਅਸਮਾਨ ਵਿਚ ਉੱਠਦੇ ਧੂੰਏਾ ਦੇ ਗੁਬਾਰ ਕਈ ਕਿਲੋਮੀਟਰ ਦੂਰ ਤੋਂ ਵੀ ਸਾਫ਼ ਦਿਖਾਈ ਦੇ ਰਹੇ ਸਨ | ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਨੇ ਕੁਝ ਹੀ ਮਿੰਟਾਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫੈਕਟਰੀ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ | ਫੈਕਟਰੀ ਅੰਦਰ ਵੱਡੀ ਮਾਤਰਾ ਵਿਚ ਪਈ ਲੱਕੜ, ਪਲਾਈਵੁੱਡ, ਫੋਮ, ਪਾਲਿਸ਼ ਸਮੱਗਰੀ ਅਤੇ ਤਿਆਰ ਕੀਤਾ ਫਰਨੀਚਰ ਅੱਗ ਲਈ ਈਾਧਨ ਸਾਬਤ ਹੋਇਆ, ਜਿਸ ਕਾਰਨ ਅੱਗ ਹੋਰ ਵੀ ਤੇਜ਼ੀ ਨਾਲ ਫੈਲ ਗਈ | ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਪੂਰੀ ਫੈਕਟਰੀ ਨੂੰ ਘੇਰ ਲਿਆ | ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਵੱਡੀ ਗਿਣਤੀ ਵਿਚ ਮੌਕੇ 'ਤੇ ਇਕੱਠੇ ਹੋ ਗਏ | ਲੋਕਾਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਅਤੇ ਅੰਦਰ ਪਿਆ ਸਮਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਭਿਆਨਕਤਾ ਕਾਰਨ ਉਹ ਬੇਬੱਸ ਦਿਖਾਈ ਦਿੱਤੇ | ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਗਰਾਉਂ ਤੋਂ ਇਲਾਵਾ ਦਾਖਾ ਅਤੇ ਰਾਏਕੋਟ ਤੋਂ ਵੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪੁੱਜੀਆਂ | ਫਾਇਰ ਕਰਮਚਾਰੀਆਂ ਵਲੋਂ ਕਈ ਘੰਟਿਆਂ ਤੱਕ ਲਗਾਤਾਰ ਸਖ਼ਤ ਮਿਹਨਤ ਕਰਦਿਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਫਾਇਰ ਅਧਿਕਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਫੈਕਟਰੀ ਅੰਦਰ ਮੌਜੂਦ ਜਲਣਸ਼ੀਲ ਸਮੱਗਰੀ ਕਾਰਨ ਅੱਗ ਵਾਰ-ਵਾਰ ਭੜਕ ਰਹੀ ਸੀ | ਮੁੱਢਲੀ ਜਾਂਚ ਮੁਤਾਬਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਹਾਲਾਂਕਿ ਸ਼ਾਰਟ ਸਰਕਿਟ ਨੂੰ ਅੱਗ ਲੱਗਣ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ | ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ | ਘਟਨਾ ਦੌਰਾਨ ਫੈਕਟਰੀ ਮਾਲਕ ਆਪਣੀ ਜ਼ਿੰਦਗੀ ਦੀ ਕਈ ਸਾਲਾਂ ਦੀ ਕਮਾਈ ਨੂੰ ਅੱਗ ਵਿਚ ਸੜਦਾ ਦੇਖ ਭਾਵੁਕ ਹੋ ਗਿਆ | ਫੁੱਟ-ਫੁੱਟ ਕੇ ਰੋਂਦਿਆਂ ਉਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਸਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਸ ਨੇ ਕਿਹਾ ਕਿ ਕੁਝ ਹੀ ਪਲਾਂ ਵਿਚ ਉਸਦੀ ਮਿਹਨਤ ਅਤੇ ਕਾਰੋਬਾਰ ਤਬਾਹ ਹੋ ਗਿਆ | ਇਸ ਦੌਰਾਨ ਮੌਕੇ 'ਤੇ ਪਹੁੰਚੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਫੈਕਟਰੀ ਵਿਚ ਪਿਆ ਸਮਾਨ ਬਾਹਰ ਕੱਢਣ ਅਤੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਵਿੱਚ ਭੀੜ ਨੂੰ ਕੰਟਰੋਲ ਕਰਨ ਲਈ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ | ਫਿਲਹਾਲ ਅੱਗ ਕਾਰਨ ਹੋਏ ਕੁੱਲ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ, ਪਰ ਮੁੱਢਲੇ ਅਨੁਮਾਨਾਂ ਮੁਤਾਬਕ ਨੁਕਸਾਨ ਕਰੋੜਾਂ ਰੁਪਏ ਵਿੱਚ ਦੱਸਿਆ ਜਾ ਰਿਹਾ ਹੈ |