ਸਾਹਨੇਵਾਲ, 17 ਮਈ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਿਖੇ ਵਿਦਿਆਰਥੀਆਂ 'ਚ ਲੀਡਰਸ਼ਿਪ, ਜ਼ਿੰਮੇਵਾਰੀ ਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਦੀ ਅਗਵਾਈ ਵਿਚ ਕਰਵਾਏ ਇਨਵੈਸਟੀਚਿਉਰ ਸਮਾਰੋਹ ਦੀ ਸ਼ੁਰੂਆਤ ਮੂਲ ਮੰਤਰ ਤੇ ਸ਼ਬਦ ਕੀਰਤਨ ਨਾਲ ਕੀਤੀ ਗਈ | ਪ੍ਰੋਗਰਾਮ ਦੌਰਾਨ ਸਕੂਲ ਦੇ ਹੈੈੱਡ ਬੁਆਏ, ਹੈੈੱਡ ਗਰਲ, ਸਪੋਰਟਸ ਕੈਪਟਨ ਅਤੇ ਚਾਰੇ ਹਾਊਸਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੇ ਕਪਤਾਨ ਚੁਣੇ ਗਏ | ਇਸ ਤੋਂ ਇਲਾਵਾ ਚਾਰੇ ਹਾਊਸਾਂ ਦੇ ਉਪ ਕਪਤਾਨ ਤੇ ਹਾਊਸ ਪ੍ਰੀਫੈਕਟ ਵੀ ਬਣਾਏ ਗਏ | ਪ੍ਰੋਗਰਾਮ ਦੌਰਾਨ ਬਾਰ੍ਹਵੀਂ ਸਾਇੰਸ ਜਮਾਤ ਦੇ ਸਤਜੀਤ ਸਿੰਘ ਨੂੰ ਹੈੈੱਡ ਬੁਆਏ, ਬਾਰ੍ਹਵੀਂ ਆਰਟਸ ਜਮਾਤ ਦੀ ਬਾਵਾ ਨਵਤੇਜ ਕੌਰ ਜੱਸੜ ਨੂੰ ਹੈੱਡ ਗਰਲ ਤੇ ਬਾਰ੍ਹਵੀਂ ਆਰਟਸ ਜਮਾਤ ਦੇ ਗੁਰਜੋਤ ਸਿੰਘ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਦੇ ਬੈਜ, ਸੈਸ਼ੇ ਅਤੇ ਹਾਊਸ ਦੇ ਝੰਡੇ ਦਿੱਤੇ ਗਏ | ਇਸ ਸਮੇਂ ਸਕੂਲ ਦੀ ਹੈੈੱਡ ਗਰਲ ਅਤੇ 'ਵਿਦਿਆਰਥੀ ਕੌਂਸਲ' ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਵਲੋਂ ਆਪਣੇ ਵਿਚਾਰਾਂ, ਬੋਲਾਂ ਤੇ ਕਰਮਾਂ ਰਾਹੀਂ ਹੋਰਾਂ ਲਈ ਮਿਸਾਲ ਬਣਨ, ਕੰਮ ਲਗਨ ਤੇ ਇਮਾਨਦਾਰੀ ਨਾਲ ਕਰਨ, ਵਿੱਦਿਅਕ ਤੇ ਖੇਡ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਤੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ ਸਕੂਲ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਸਹੁੰ ਚੁੱਕੀ ਗਈ | ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਸਾਰੇ ਬੱਚਿਆਂ ਨੂੰ ਸੌਂਪੇ ਗਏ ਅਹੁਦਿਆਂ ਪ੍ਰਤੀ ਨਿਮਰਤਾ, ਇਮਾਨਦਾਰੀ ਤੇ ਹਿੰਮਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ | ਸਮਾਰੋਹ ਦੇ ਅੰਤ 'ਚ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੇ ਸਕੂਲ ਦੇ ਅਨੁਸ਼ਾਸਨ ਕਾਇਮ ਰੱਖਣ ਅਤੇ ਸਕੂਲੀ ਜੀਵਨ 'ਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਕੀਤਾ |