ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਟਿੱਬਾ ਰੋਡ ਇਲਾਕੇ ਵਿਚ ਸਕੂਲ ਤੋਂ ਘਰ ਵਾਪਸ ਆ ਰਹੀ ਇਕ 8 ਸਾਲਾ ਬੱਚੀ ਨਾਲ ਇਕ ਬਜ਼ੁਰਗ ਵਲੋ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਬੱਚੀ ਮੁਤਾਬਿਕ ਸਨਿਚਰਵਾਰ ਦੁਪਹਿਰ ਜਦੋਂ ਉਹ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਤਾਂ ਮੁਲਜ਼ਮ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਸੁੰਨਸਾਨ ਥਾਂ 'ਤੇ ਲੈ ਜਾ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ | ਜਦੋਂ ਬੱਚੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਉਸ ਨੂੰ ਥੱਪੜ ਮਾਰਿਆ ਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ | ਡਰ ਕਾਰਨ ਬੱਚੀ ਕਿਸੇ ਤਰ੍ਹਾਂ ਉਥੋਂ ਭੱਜ ਕੇ ਆਪਣੇ ਘਰ ਪਹੁੰਚੀ ਅਤੇ ਮਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ | ਇਸ ਤੋਂ ਬਾਅਦ ਬੱਚੀ ਦੀ ਮਾਂ ਮੁਹੱਲੇ ਦੀਆਂ ਔਰਤਾਂ ਨੂੰ ਨਾਲ ਲੈ ਕੇ ਮੁਲਜ਼ਮ ਕੋਲ ਪਹੁੰਚੀ, ਜਿੱਥੇ ਗੁੱਸੇ ਵਿਚ ਆਈਆਂ ਔਰਤਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ | ਇਸ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ | ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਪਹਿਲਾਂ ਵੀ ਬੱਚੀ ਨਾਲ ਗਲਤ ਹਰਕਤਾਂ ਕਰਦਾ ਆ ਰਿਹਾ ਸੀ ਅਤੇ ਇਸ ਬਾਰੇ ਪਹਿਲਾਂ ਵੀ ਦੱਸਿਆ ਗਿਆ ਸੀ | ਮਾਮਲਾ ਵਧਣ ਤੋਂ ਬਾਅਦ ਪਰਿਵਾਰ ਨੇ ਥਾਣਾ ਟਿੱਬਾ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |