ਸਿੱਧਵਾਂ ਬੇਟ, 18 ਮਈ (ਜਸਵੰਤ ਸਿੰਘ ਸਲੇਮਪੁਰੀ)-ਕੋਈ ਸਮਾਂ ਸੀ ਜਦੋਂ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੀ ਬਦੌਲਤ ਪੂਰਾ ਬੇਟ ਇਲਾਕਾ ਠੰਢੀਆਂ ਹਵਾਵਾਂ ਵਜੋਂ ਜਾਣਿਆਂ ਜਾਂਦਾ ਸੀ ਪਰ ਹੁਣ ਹਾਲਾਤ ਇਸ ਤੋਂ ਉਲਟ ਹੋ ਗਏ ਹਨ ਅਜੇ ਮਈ ਮਹੀਨਾ ਅੱਧਾ ਹੀ ਗਿਆ ਹੈ ਕਿ ਬੇਟ ਇਲਾਕੇ ਦਾ ਤਾਪਮਾਨ ਅੱਜ 43 ਡਿਗਰੀ ਨੂੰ ਵੀ ਪਾਰ ਕਰ ਗਿਆ | ਦਰਿਆ ਸਤਲੁਜ ਵਿੱਚ ਪਾਣੀ ਦੀ ਘਾਟ ਕਾਰਨ ਦਰਿਆਈ ਰੇਤਾ ਇਕ ਤਰ੍ਹਾਂ ਨਾਲ ਭੱਠੀ ਦੇ ਰੇਤ ਵਾਂਗ ਤਪਦਾ ਵਿਖਾਈ ਦੇ ਰਿਹਾ ਹੈ | ਲੋਕਾਂ ਦੇ ਘਰਾਂ ਵਿਚ ਲੱਗੇ ਏ.ਸੀ. ਵੀ ਇਸ ਤਾਪਮਾਨ ਵਿਚ ਹੋਰ ਵਾਧਾ ਕਰ ਰਹੇ ਹਨ | ਦੂਜੇ ਪਾਸੇ ਇਸ ਕੜਕਦੀ ਧੁੱਪ ਨੂੰ ਲੈ ਕੇ ਲੋਕ ਆਪਣੇ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋ ਗਏ ਹਨ ਅਤੇ ਉਹ ਸਿਰਫ਼ ਜ਼ਰੂਰੀ ਕੰਮਾਂ ਲਈ ਬਾਹਰ ਨਿਕਲਦੇ ਹਨ | ਪਿਛਲੇ ਦੋ ਦਿਨਾਂ ਤੋਂ ਸਥਾਨਿਕ ਕਸਬੇ ਦੇ ਮੁੱਖ ਬਾਜ਼ਾਰ ਜਿਸ ਵਿਚ ਲਾਗਲੇ ਦਰਜਨਾਂ ਪਿੰਡਾਂ ਦੇ ਲੋਕ ਖ਼ਰੀਦਦਾਰੀ ਕਰਨ ਲਈ ਆਉਂਦੇ ਹਨ | ਹੁਣ ਇਹ ਬਾਜ਼ਾਰ ਵਿਚ ਵੀ ਸੁੰਨਸਾਨ ਵਿਖਾਈ ਦੇ ਰਹੀ | ਲੋਕ ਸਵੇਰ-ਸ਼ਾਮ ਹੀ ਖ਼ਰੀਦਦਾਰੀ ਕਰਨ ਲਈ ਨਿਕਲਦੇ ਹਨ, ਪਰ ਮਿਹਨਤ-ਮਜ਼ਦੂਰੀ ਕਰਨ ਵਾਲੇ ਲੋਕ ਇਸ ਕੜਕਦੀ ਧੁੱਪ ਦਾ ਸੰਤਾਪ ਆਪਣੇ ਪਿੰਡੇ 'ਤੇ ਹੰਡਾਉਂਦੇ ਵੀ ਵਿਖਾਈ ਦਿੰਦੇ ਹਨ, ਜਿੰਨ੍ਹਾਂ ਨੇ ਸ਼ਾਮ ਨੂੰ ਆਪਣੇ ਬੱਚਿਆਂ ਦੀ ਰੋਟੀ ਦਾ ਜੁਗਾੜ ਕਰਨਾ ਹੁੰਦਾ ਹੈ | ਜੇਕਰ ਅਜਿਹੇ ਹਾਲਾਤ ਰਹੇ ਤਾਂ ਆਉਂਦੇ ਦਿਨਾਂ ਵਿਚ ਤਾਪਮਾਨ ਬੇਟ ਇਲਾਕੇ ਦਾ ਆਪਣਾ ਰਿਕਾਰਡ ਤੋੜ ਸਕਦਾ ਹੈ | ਦੂਜੇ ਪਾਸੇ ਸਿਹਤ ਵਿਭਾਗ ਨੇ ਬਜ਼ੁਰਗ ਅਤੇ ਬੱਚਿਆਂ ਨੂੰ ਇਸ ਕੜਕਦੀ ਧੁੱਪ ਵਿਚ ਨਾ ਨਿਕਲਣ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਪਾਣੀ ਦਾ ਵੱਧ ਇਸਤੇਮਾਲ ਕਰਨ ਦੀ ਵੀ ਗੱਲ ਆਖੀ ਹੈ |