ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬੀ ਦੁਨੀਆਂ ਦੇ ਕੋਨੇ-ਕੋਨੇ 'ਚ ਆਪਣੀ ਮਿਹਨਤੀ ਤੇ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ | ਅਜਿਹੀ ਹੀ ਮਾਣਮੱਤੀ ਖ਼ਬਰ ਰਾਏਕੋਟ ਤਹਿਸੀਲ ਦੇ ਪਿੰਡ ਜੌਹਲਾਂ ਤੋਂ ਸਾਹਮਣੇ ਆਈ ਹੈ, ਜਿੱਥੋਂ ਦੇ 21 ਸਾਲਾਂ ਨੌਜਵਾਨ ਕਰਨਵੀਰ ਸਿੰਘ ਸਿੱਧੂ ਦੀ ਅਮਰੀਕਾ ਪੁਲਿਸ 'ਚ ਚੋਣ ਹੋਈ ਹੈ | ਇਸ ਮੌਕੇ ਕਰਨਵੀਰ ਸਿੰਘ ਸਿੱਧੂ ਦੇ ਦਾਦਾ ਪ੍ਰੀਤਮ ਸਿੰਘ ਸਿੱਧੂ (ਅਮਰੀਕਾ ਵਾਲੇ) ਅਤੇ ਦਾਦੀ ਪਰਮਜੀਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 6 ਦਹਾਕਿਆਂ ਤੋਂ ਅਮਰੀਕਾ ਦੇ (ਕੈਂਟਕੀ) ਵਿਚ ਵੱਸਦਾ ਹੈ | ਦਾਦਾ ਪ੍ਰੀਤਮ ਸਿੰਘ ਸਿੱਧੂ ਨੇ ਕਿਹਾ ਕਿ ਪਿਤਾ ਸੁਖਵਿੰਦਰ ਸਿੰਘ ਸਿੱਧੂ ਤੇ ਮਾਤਾ ਲਵਪ੍ਰੀਤ ਸਿੱਧੂ ਦੀ ਚੰਗੀ ਪਰਵਿਰਸ਼ ਤੇ ਸਿੱਖਿਆ ਸਦਕਾ ਸਾਡੇ ਪੋਤਰੇ ਕਰਨਵੀਰ ਸਿੰਘ ਨੇ ਉੱਚ ਵਿੱਦਿਆ ਹਾਸਲ ਕੀਤੀ | ਮਿਹਨਤ ਤੇ ਲਗਨ ਨਾਲ ਉਸ ਨੇ ਅਮਰੀਕਾ ਪੁਲਿਸ ਦੀ ਭਰਤੀ ਪ੍ਰੀਖਿਆ ਪਾਸ ਕਰਕੇ ਪਰਿਵਾਰ ਤੇ ਪਿੰਡ ਜੌਹਲਾਂ ਦਾ ਨਾਂਅ ਰੌਸ਼ਨ ਕੀਤਾ ਹੈ | ਪਿੰਡ ਜੌਹਲਾਂ ਦੇ ਲੋਕਾਂ ਵੱਲੋਂ ਕਰਨਵੀਰ ਸਿੰਘ ਸਿੱਧੂ ਦੀ ਅਮਰੀਕਾ ਪੁਲਿਸ 'ਚ ਭਰਤੀ ਹੋਣ 'ਤੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਖੁਸ਼ੀ ਮਨਾਈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ, ਉੱਥੇ ਹੀ ਅਮਰੀਕਾ 'ਚ ਵਸਦੇ ਪ੍ਰਵਾਸੀ ਪੰਜਾਬੀਆਂ ਨੇ ਵੀ ਕਰਨਵੀਰ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨ ਹੁਣ ਹਰ ਖੇਤਰ 'ਚ ਅੱਗੇ ਆ ਰਹੇ ਹਨ, ਜੋ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ | ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਤੇ ਸਮੁੱਚੇ ਨਗਰ ਵੱਲੋਂ ਇਸ ਮਾਣਮੱਤੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਕਰਨਵੀਰ ਸਿੰਘ ਸਿੱਧੂ ਨੂੰ ਪੁਲਿਸ 'ਚ ਭਰਤੀ ਹੋਣ 'ਤੇ ਮੁਬਾਰਕਵਾਦ ਦਿੱਤੀ |