10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਚੰਦਰੇ ਸੜਕੀ ਹਾਦਸੇ ਨੇ ਮਾਵਾਂ ਦੇ ਪੁੱਤ ਖੋਹੇ

ਅਜੀਤ ਡੈਸਕ 30-05-2026
ਭੂੰਦੜੀ, 29 ਮਈ (ਕੁਲਦੀਪ ਸਿੰਘ ਮਾਨ)-ਹਲਕਾ ਦਾਖਾ ਦੇ ਪਿੰਡ ਬਾਸੀਆਂ ਬੇਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਜ਼ ਹੈ | ਪਿੰਡ ਵਿਚ ਗਮਗੀਨ ਮਾਹੌਲ ਹੈ ਅਤੇ ਹਰ ਅੱਖ ਨਮੀ ਨਾਲ ਭਰੀ ਹੋਈ ਹੈ | ਜਾਣਕਾਰੀ ਅਨੁਸਾਰ ਪ੍ਰਭਦੀਪ ਸਿੰਘ ਉਰਫ਼ ਪ੍ਰਭ ਪੁੱਤਰ ਸ਼ਿੰਗਾਰਾ ਸਿੰਘ ਅਤੇ ਮਨਵੀਰ ਸਿੰਘ ਉਰਫ਼ ਮਨੀ ਪੁੱਤਰ ਤਰਸੇਮ ਸਿੰਘ ਆਪਣੇ ਮੋਟਰਸਾਈਕਲ 'ਤੇ ਕਿਸੇ ਕੰਮ ਲਈ ਪਿੰਡ ਭਰੋਵਾਲ ਕਲਾਂ ਵੱਲ ਜਾ ਰਹੇ ਸਨ | ਜਦੋਂ ਉਹ ਪਿੰਡ ਪੁੜੈਣ ਤੋਂ ਭਾਈ ਮੱਸੇ ਵਾਲਾ ਵਾਲੇ ਰਾਹ 'ਤੇ ਪੈਂਦੇ ਚੁਰਾਹੇ ਕੋਲ ਪਹੁੰਚੇ ਤਾਂ ਅਚਾਨਕ ਉਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ | ਹਾਦਸੇ ਵਿਚ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ | ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਦੋਵਾਂ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ | ਪ੍ਰਭਦੀਪ ਸਿੰਘ ਨੂੰ ਮੇਡੀਵੇਅ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਸੀ | ਜਦਕਿ ਮਨਵੀਰ ਸਿੰਘ ਮਨੀ ਦਾ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐੱਮ.ਸੀ.) ਲੁਧਿਆਣਾ ਵਿਚ ਇਲਾਜ ਚੱਲ ਰਿਹਾ ਸੀ, ਪਰ ਅੱਜ ਉਸ ਨੇ ਵੀ ਜ਼ੇਰੇ ਇਲਾਜ ਦੌਰਾਨ ਆਖਰੀ ਸਾਹ ਲੈ ਲਿਆ | ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਅਤੇ ਮਾ: ਬਲਵੀਰ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਬਹੁਤ ਹੀ ਮਿਲਣਸਾਰ, ਸਾਊ ਅਤੇ ਧਾਰਮਿਕ ਸੋਚ ਵਾਲੇ ਸਨ | ਉਨ੍ਹਾਂ ਕਿਹਾ ਕਿ ਇੰਨ੍ਹਾਂ ਨੌਜਵਾਨਾਂ ਦੇ ਅਚਾਨਕ ਵਿਛੋੜੇ ਨਾਲ ਨਾ ਸਿਰਫ਼ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਸਗੋਂ ਪਿੰਡ ਵਾਸੀਆਂ ਨੂੰ ਵੀ ਉਨ੍ਹਾਂ ਦੀ ਘਾਟ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ | ਨੌਜਵਾਨਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਬਾਸੀਆਂ ਬੇਟ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਹਰ ਪਾਸੇ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ |
ਪਿਛਲੀ ਖ਼ਬਰ ਨਗਰ ਅੱਬੂਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਮਾਤਾ ਜਸਵਿੰਦਰ ਕੌਰ ਖੈਹਿਰਾ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਜਰਨਲਿਸਟ ਯੂਨੀਅਨ ਵਲੋਂ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।