ਪਿੰਡ ਭੈਣੀ ਅਰਾਈਆਂ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ
ਭੂੰਦੜੀ, 9 ਅਗਸਤ (ਕੁਲਦੀਪ ਸਿੰਘ ਮਾਨ)- ਪਿੰਡ ਭੈਣੀ ਅਰਾਈਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਆਗੂ ਗੁਰਦਿੱਤ ਸਿੰਘ ਚੌਹਾਨ ਅਤੇ ਨੌਜਵਾਨਾਂ ਵਲੋਂ ਖੇਡ ਸਟੇਡੀਅਮ ਦੇ ਗਰਾਊਂਡ ਵਿਚ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਚਰਨਜੀਤ ਕੌਰ ਦਿਉਲ ਨੇ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਤੀਆਂ ਤੀਜ ਦੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ ਗਿਆ।
ਭੂੰਦੜੀ, 9 ਅਗਸਤ (ਕੁਲਦੀਪ ਸਿੰਘ ਮਾਨ)- ਪਿੰਡ ਭੈਣੀ ਅਰਾਈਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਆਗੂ ਗੁਰਦਿੱਤ ਸਿੰਘ ਚੌਹਾਨ ਅਤੇ ਨੌਜਵਾਨਾਂ ਵਲੋਂ ਖੇਡ ਸਟੇਡੀਅਮ ਦੇ ਗਰਾਊਂਡ ਵਿਚ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਚਰਨਜੀਤ ਕੌਰ ਦਿਉਲ ਨੇ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਤੀਆਂ ਤੀਜ ਦੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੀਆਂ ਤੀਜ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਇਹ ਤਿਉਹਾਰ ਧੀਆਂ-ਭੈਣਾਂ ਨੂੰ ਇਕੱਠੇ ਹੋ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਆਪਣੀਆਂ ਰਵਾਇਤਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਦਾ ਹੈ। ਅੱਜ ਦੇ ਆਧੁਨਿਕ ਦੌਰ ਵਿਚ ਅਜਿਹੇ ਸਮਾਗਮ ਕਰਵਾਉਣੇ ਹੋਰ ਵੀ ਜ਼ਰੂਰੀ ਹੋ ਗਏ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਤੀਆਂ ਦੇ ਤਿਉਹਾਰ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧੀਆਂ-ਭੈਣਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨਾਲ ਕਰਵਾਇਆ ਗਿਆ ਇਹ ਸਮਾਗਮ ਪੰਜਾਬੀ ਵਿਰਸੇ ਦੀ ਸੁੰਦਰ ਝਲਕ ਪੇਸ਼ ਕਰਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀਆਂ ਰਵਾਇਤਾਂ ਨੂੰ ਜਿਊਂਦਾ ਰੱਖਣ ਦਾ ਸੁਨੇਹਾ ਦਿੰਦਾ ਹੈ। ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ ਇਯਾਲੀ, ਸ੍ਰੀਮਤੀ ਟਵਿੰਕਲ ਕੌਰ ਚੌਹਾਨ, ਮਿਸ ਹਰਜੋਤ ਕੌਰ ਚੌਹਾਨ, ਸੁਖਦੀਪ ਕੌਰ ਭੈਣੀ ਅਤੇ ਸ੍ਰੀਮਤੀ ਇੰਦਰਜੀਤ ਕੌਰ ਭੈਣੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਮੁਟਿਆਰਾਂ ਨੇ ਪੰਜਾਬੀ ਰਵਾਇਤੀ ਪਹਿਰਾਵੇ ਪਹਿਨ ਕੇ ਸ਼ਮੂਲੀਅਤ ਕੀਤੀ ਅਤੇ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਮੁਟਿਆਰਾਂ ਵਲੋਂ ਝੂਲੇ ਝੂਟਣ, ਬੋਲੀਆਂ ਪਾਉਣ, ਲੋਕ ਗੀਤ ਗਾਉਣ, ਮਹਿੰਦੀ ਲਗਾਉਣ ਅਤੇ ਵੱਖ-ਵੱਖ ਮਨੋਰੰਜਨ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਸਾਵਣ ਦੇ ਮਹੀਨੇ ਦੀ ਖੁਸ਼ੀ ਅਤੇ ਪੰਜਾਬੀ ਵਿਰਸੇ ਦੀ ਮਹਿਕ ਨਾਲ ਪੂਰਾ ਮਾਹੌਲ ਰੰਗੀਨ ਹੋ ਗਿਆ। ਇਸ ਮੌਕੇ ਤੀਆਂ ਤੀਜ ਦੇ ਤਿਉਹਾਰ ਵਿਚ ਸ਼ਾਮਿਲ ਧੀਆਂ-ਭੈਣਾਂ ਨੂੰ ਫੁੱਲਕਾਰੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਮੁਟਿਆਰਾਂ ਵਲੋਂ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ, ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਦੀ ਹਾਜ਼ਰੀਨ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰਦਿੱਤ ਸਿੰਘ ਚੌਹਾਨ, ਸਿਮਰਨ ਸਿੰਘ ਚੌਹਾਨ ਅਤੇ ਸ੍ਰੀਮਤੀ ਟਵਿੰਕਲ ਕੌਰ ਚੌਹਾਨ ਵਲੋਂ ਤੀਆਂ ਦੇ ਤਿਉਹਾਰ ਵਿਚ ਸ਼ਾਮਿਲ ਹੋਏ ਮਹਿਮਾਨਾਂ, ਮਹਿਲਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।