ਮਲੌਦ, 4 ਜੂਨ (ਚਾਪੜਾ, ਨਿਜ਼ਾਮਪੁਰ)-ਥਾਣਾ ਮਲੌਦ ਅਧੀਨ ਪੈਂਦੇ ਪਿੰਡ ਸਿਆੜ੍ਹ ਦੀਆਂ ਘਰੋਂ ਲਾਪਤਾ ਹੋਈਆਂ 4 ਲੜਕੀਆਂ ਨੂੰ ਮਲੌਦ ਪੁਲਿਸ ਨੇ 24 ਘੰਟੇ ਦੇ ਅੰਦਰ-ਅੰਦਰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ | ਐੱਸ. ਐੱਚ .ਓ ਮਲੌਦ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ 2 ਜੂਨ ਨੂੰ ਪਿੰਡ ਸਿਆੜ੍ਹ ਤੋਂ ਚਾਰ ਲੜਕੀਆਂ ਘਰੋਂ ਚਲੀਆਂ ਗਈਆਂ ਜਿਨ੍ਹਾਂ 'ਚ 3 ਲੜਕੀਆਂ (ਪ੍ਰਭਜੋਤ ਕੌਰ, ਰਣਵੀਰ ਕੌਰ, ਗੁਰਨੂਰ ਕੌਰ) ਇੱਕ ਪਰਿਵਾਰ ਦੀਆਂ ਅਤੇ ਗੁਆਂਢੀਆਂ ਦੀ ਇੱਕ ਲੜਕੀ ਜਸ਼ਨਪ੍ਰੀਤ ਕੌਰ ਵਾਸੀ ਪਿੰਡ ਸਿਆੜ੍ਹ ਜੋ ਘਰਦਿਆਂ ਨਾਲ ਮਾੜੀ ਮੋਟੀ ਗੱਲ ਤੋਂ ਗੁੱਸੇ ਗਿੱਲੇ ਹੋ ਕੇ ਚਲੀਆਂ ਗਈਆਂ | ਲੜਕੀਆਂ ਦੇ ਮਾਪਿਆਂ ਵਲੋਂ ਗੁੰਮਸ਼ੁਦਾ ਦੀ ਚੌਕੀ ਸਿਆੜ੍ਹ ਥਾਣਾ ਮਲੌਦ ਵਿਖੇ ਰਪਟ ਲਿਖਵਾਈ ਗਈ | ਉਸੇ ਵਕਤ ਮਲੌਦ ਪੁਲਿਸ ਵਲੋਂ ਲੜਕੀਆਂ ਨੂੰ ਲੱਭਣ ਲਈ ਦੋ ਟੀਮਾਂ ਬਣਾਈਆਂ ਗਈਆਂ, ਇੱਕ ਟੀਮ ਦੀ ਅਗਵਾਈ ਚੌਕੀ ਇੰਚਾਰਜ ਸਿਆੜ੍ਹ ਹਰਜਿੰਦਰ ਸਿੰਘ ਘਲੋਟੀ ਤੇ ਦੂਜੀ ਟੀਮ ਦੀ ਇੰਸਪੈਕਟਰ ਹਰਦੀਪ ਸਿੰਘ ਕਰ ਰਹੇ ਸਨ, ਜਿੰਨ੍ਹਾਂ ਨੇ ਕੈਮਰਿਆਂ ਦੀ ਰਿਕਾਰਡਿੰਗ ਨੂੰ ਖੰਗਾਲਦਿਆਂ ਹੋਇਆਂ ਪਿੰਡ ਸਿਆੜ੍ਹ ਤੋਂ ਇੱਕ ਆਟੋ ਰਾਹੀਂ ਪੋਹੀੜ ਪੁੱਜ ਗਈਆਂ, ਫਿਰ ਪੋਹੀੜ ਤੋਂ ਲੁਧਿਆਣਾ, ਲੁਧਿਆਣਾ ਤੋਂ ਅੰਮਿ੍ਤਸਰ ਅਤੇ ਅੰਮਿ੍ਤਸਰ ਤੋਂ ਪੈੜ ਨੱਪਦਿਆਂ 4 ਲੜਕੀਆਂ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਗਿਆ | ਮਲੌਦ ਪੁਲਿਸ ਨੇ ਘਰੋਂ ਲਾਪਤਾ ਹੋਈਆਂ ਲੜਕੀਆਂ ਨੂੰ ਸਹੀ ਸਲਾਮਤ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ | ਜਿੱਥੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ, ਉੱਥੇ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਮਲੌਦ ਪੁਲਿਸ ਦਾ ਧੰਨਵਾਦ ਕੀਤਾ | ਪੱਤਰਕਾਰਾਂ ਵਲੋਂ ਆਪਣੇ ਸੂਤਰਾਂ ਮੁਤਾਬਕ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਤਿੰਨਾਂ ਭੈਣਾ ਦੇ ਮਾਂ ਬਾਪ ਦੀ ਘਰੇਲੂ ਕਲੇਸ਼ ਦੀ ਵਜਾ ਕਾਰਨ ਇਨ੍ਹਾਂ ਵਲੋਂ ਕਿਤੇ ਦੂਰ ਦੁਰਾਡੇ ਜਾ ਕੇ ਨੌਕਰੀ ਕਰਕੇ ਨਵੀਂ ਜਿੰਦਗੀ ਸ਼ੁਰੂ ਕਰਨ ਦਾ ਇਰਾਦਾ ਸੀ ਅਤੇ ਜੋ ਚੌਥੀ ਲੜਕੀ ਜਸ਼ਨਪ੍ਰੀਤ ਕੌਰ ਹੈ | ਉਸ ਦਾ ਉਸ ਤੋਂ ਵੱਡੀ ਉਮਰ ਦੇ ਲੜਕੇ ਨਾਲ ਵਿਆਹ ਕਰ ਦਿੱਤਾ ਸੀ ਉਹ ਵਾਪਸ ਪੇਕੇ ਘਰ ਆ ਗਈ ਜਿੱਥੇ ਉਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਸਨ | ਉਸ ਨੇ ਵੀ ਉਪਰੋਕਤ ਤਿੰਨਾਂ ਲੜਕੀਆਂ ਨਾਲ ਜਾਣ ਦਾ ਫ਼ੈਸਲਾ ਕਰ ਲਿਆ ਅਤੇ ਚਾਰੇ ਘਰੋਂ ਬਿਨਾ ਦੱਸੇ ਚਲੀਆਂ ਗਈਆਂ |