ਮਾਛੀਵਾੜਾ ਸਾਹਿਬ, 4 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਿਆਈ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਗੁਰੂ ਸਾਹਿਬ ਦੀ ਇਤਿਹਾਸਕ ਜੀਵਨੀ ਦੇ ਪ੍ਰਸੰਗ ਸੰਗਤ ਨੂੰ ਸਰਵਣ ਕਰਵਾਏ ਗਏ | ਸਮਾਗਮ ਦੀ ਸ਼ੁਰੂਆਤ 'ਚ ਹਜ਼ੂਰੀ ਰਾਗੀ ਜਥੇ ਭਾਈ ਜਸਦੇਵ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਰਸਭਿੰਨਾ ਕੀਰਤਨ ਕੀਤਾ ਗਿਆ | ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਬਾਜ਼ ਵਲੋਂ ਕਥਾ ਦਾ ਪ੍ਰਵਾਹ ਚਲਾਇਆ ਗਿਆ | ਇਸ 'ਚ ਉਨ੍ਹਾਂ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਕਈ ਪ੍ਰਸੰਗ ਸਰਵਣ ਕਰਵਾਏ ਉੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਤਾਗੱਦੀ ਬਾਰੇ ਜਾਣਕਾਰੀ ਦਿੱਤੀ |