ਗੁਰੂਸਰ ਸੁਧਾਰ, 9 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਮੇਟੀ ਦੇ ਸੱਦੇ 'ਤੇ ਅੱਜ ਕਸਬਾ ਗੁਰੂਸਰ ਸੁਧਾਰ ਲਾਗੇ ਬੁਢੇਲ ਚੌਂਕ (ਭੋਰਾ ਸਾਹਿਬ) ਨੇੜੇ ਕਿਸਾਨਾਂ, ਮਜ਼ਦੂਰਾਂ ਵਰਕਰਾਂ ਦੀ ਭਰਵੀਂ ਜ਼ਬਰ ਵਿਰੋਧੀ ਜਨਤਕ ਰੈਲੀ ਕੀਤੀ ਗਈ, ਜਿਸ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਤੇ ਸਰਵਿੰਦਰ ਸਿੰਘ ਸੁੱਖੀ ਸੁਧਾਰ ਨੇ ਉਚੇਚੇ ਤੌਰ 'ਤੇ ਸੰਬੋਧਨ ਕੀਤਾ | ਆਗੂਆਂ ਨੇ ਵਰਨਣ ਕੀਤਾ ਕਿ ਸਰਕਾਰੀ ਨਿਯਮਾਂ ਦੀ ਰੌਸ਼ਨੀ ਵਿਚ ਅਪਰੈਂਟਸ਼ਿਪ (ਟ੍ਰੇਨਿੰਗ) ਹਾਸਲ ਕਰ ਚੁੱਕੇ 2600 ਦੇ ਕਰੀਬ ਯੋਗਤਾ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਵਲੋਂ ਪੱਕੀ ਭਰਤੀ ਅਤੇ ਰੈਗੂਲਰ ਰੁਜ਼ਗਾਰ ਲਈ ਪਾਵਰ ਕਾਮ ਹੈਡਕੁਆਰਟਰ ਪਟਿਆਲਾ ਵਿਖੇ ਲਗਾਤਾਰ ਕੀਤੇ ਜਾ ਰਹੇ ਸ਼ਾਂਤਮਈ ਤੇ ਹੱਕੀ ਧਰਨੇ ਉੱਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਪੁਲਿਸ ਰਾਹੀਂ ਕੀਤੇ ਗੈਰ-ਸੰਵਿਧਾਨਿਕ ਤੇ ਵਹਿਸ਼ੀਆਨਾ ਲਾਠੀਚਾਰਜ ਦੌਰਾਨ ਦਰਜਨਾਂ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਫੱਟੜ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਅਤੇ ਸੰਵਿਧਾਨਿਕ, ਜਮਹੂਰੀ ਹੱਕਾਂ ਨੂੰ ਤੁਰੰਤ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ | ਜ਼ਬਰ ਵਿਰੋਧੀ ਰੈਲੀ ਉਪਰੰਤ ਜਥੇਬੰਦੀ ਨੇ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਪੀੜਤ ਅਪਰੈਂਟਸ਼ਿਪ ਲਾਈਨਮੈਨ ਨੌਜਵਾਨਾਂ ਦੇ ਪੱਖ 'ਚ ਅਤੇ ਸੂਬਾਈ ਹਕੂਮਤ ਤੇ ਪੁਲਿਸ ਵਿਰੁੱਧ ਆਕਾਸ਼ ਗੁੰਜਾਊ ਨਾਅਰੇ ਬੁਲੰਦ ਕੀਤੇ | ਅੱਜ ਦੇ ਮੁਜਾਹਰੇ 'ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ, ਗੁਰਸੇਵਕ ਸਿੰਘ ਸੋਨੀ ਸਵੱਦੀ, ਨਿਰਭੈ ਸਿੰਘ ਤਲਵੰਡੀ, ਗੁਰਚਰਨ ਸਿੰਘ ਤਲਵੰਡੀ, ਤੇਜਿੰਦਰ ਸਿੰਘ ਬਿਰਕ, ਜਥੇਦਾਰ ਬਲਦੇਵ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ, ਗੁਰਦੇਵ ਸਿੰਘ ਢੱਟ, ਅਮਰਜੀਤ ਸਿੰਘ ਖੰਜਰਵਾਲ, ਲਛਮਣ ਸਿੰਘ ਸਿੱਧਵਾਂ ,ਹਰਪਾਲ ਸਿੰਘ ਸਵੱਦੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |