27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜਗਰਾਉਂ 'ਚ ਪੱਤਰਕਾਰ ਬਣ ਕੇ ਐੱਨ.ਆਰ.ਆਈ. ਮਹਿਲਾ ਨਾਲ ਮਾਰੀ ਲੱਖਾਂ ਦੀ ਠੱਗੀ, 2 ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 10-06-2026
ਜਗਰਾਉਂ, 9 ਜੂਨ (ਗੁਰਦੀਪ ਸਿੰਘ ਮਲਕ)-ਐੱਨ.ਆਰ.ਆਈ. ਮਹਿਲਾ ਨੂੰ ਉਸ ਦੀ ਸ਼ਿਕਾਇਤ 'ਤੇ ਕਾਰਵਾਈ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ 2 ਵਿਅਕਤੀਆਂ ਵਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇੰਨ੍ਹਾਂ 'ਚੋਂ ਇਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੂਜਾ ਹਾਲੇ ਫ਼ਰਾਰ ਹੈ | ਪੀੜਤ ਮਹਿਲਾ ਅਮਨਦੀਪ ਕੌਰ ਵਾਸੀ ਪਿੰਡ ਨੰਗਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬਿ੍ਟੇਨ ਦੀ ਨਾਗਰਿਕ ਹੈ ਅਤੇ ਉਸ ਦਾ ਜਗਰਾਉਂ ਦੀ ਐੱਸ.ਡੀ.ਐੱਮ. ਅਦਾਲਤ 'ਚ ਇੱਕ ਸਿਵਲ ਕੇਸ ਚੱਲ ਰਿਹਾ ਹੈ | 3 ਜੂਨ ਨੂੰ ਕੇਸ ਦੀ ਸੁਣਵਾਈ ਦੌਰਾਨ ਉਸ ਦੀ ਵਿਰੋਧੀ ਧਿਰ ਨਾਲ ਤਿੱਖੀ ਬਹਿਸ ਹੋ ਗਈ ਸੀ, ਜਿਸ ਦੌਰਾਨ ਉਸ ਨੂੰ ਅਪਮਾਨਜਨਕ ਗੱਲਾਂ ਸੁਣਨੀਆਂ ਪਈਆਂ | ਇਸ ਤੋਂ ਬਾਅਦ ਉਸ ਨੇ ਮਾਮਲਾ ਮੀਡੀਆ ਸਾਹਮਣੇ ਰੱਖਣ ਦਾ ਮਨ ਬਣਾਇਆ | ਮਹਿਲਾ ਦੇ ਅਨੁਸਾਰ ਇਸੇ ਦੌਰਾਨ ਦੋ ਵਿਅਕਤੀ ਉਸ ਕੋਲ ਆਏ ਅਤੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਉਸ ਦਾ ਭਰੋਸਾ ਜਿੱਤ ਲਿਆ | ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਹ ਉਸ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਵਾ ਸਕਦੇ ਹਨ | ਇਸ ਭਰੋਸੇ ਵਿਚ ਲੈ ਕੇ ਉਨ੍ਹਾਂ ਨੇ ਉਸ ਤੋਂ 1 ਲੱਖ ਰੁਪਏ ਲੈ ਲਏ | ਮਹਿਲਾ ਨੇ ਦੱਸਿਆ ਕਿ ਅਗਲੇ ਦਿਨ 4 ਜੂਨ ਨੂੰ ਦੋਵਾਂ ਮੁਲਜ਼ਮਾਂ ਨੇ ਉਸ ਦੀ ਸ਼ਿਕਾਇਤ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਤੱਕ ਪਹੁੰਚਾ ਦਿੱਤੀ, ਜਿਸ ਨੂੰ ਜਾਂਚ ਲਈ ਥਾਣਾ ਸਿਟੀ ਪੁਲਿਸ ਕੋਲ ਭੇਜ ਦਿੱਤਾ ਗਿਆ | ਸ਼ਿਕਾਇਤ ਮੁਤਾਬਕ 8 ਜੂਨ ਨੂੰ ਦੋਵੇਂ ਮੁਲਜ਼ਮ ਮੁੜ ਐੱਨ.ਆਰ.ਆਈ. ਮਹਿਲਾ ਦੇ ਸੰਪਰਕ ਵਿਚ ਆਏ ਅਤੇ ਸ਼ਿਕਾਇਤ 'ਤੇ ਕਾਰਵਾਈ ਕਰਵਾਉਣ ਲਈ 5 ਲੱਖ ਰੁਪਏ ਦੀ ਮੰਗ ਕਰਨ ਲੱਗੇ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਚੰਗੀ ਸੈਟਿੰਗ ਹੈ ਅਤੇ ਉਹ ਤੁਰੰਤ ਕਾਰਵਾਈ ਯਕੀਨੀ ਬਣਾ ਦੇਣਗੇ | ਜਦੋਂ ਮਹਿਲਾ ਨੇ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥਾ ਜਤਾਈ ਤਾਂ ਮੁਲਜ਼ਮਾਂ ਨੇ ਉਸ ਨੂੰ ਝਾਂਸੇ ਵਿਚ ਲੈ ਕੇ 20 ਹਜ਼ਾਰ ਰੁਪਏ ਹੋਰ ਲੈ ਲਏ | ਕੁਝ ਸਮੇਂ ਬਾਅਦ ਮਹਿਲਾ ਨੂੰ ਪਤਾ ਲੱਗਾ ਕਿ ਦੋਵੇਂ ਵਿਅਕਤੀ ਪੱਤਰਕਾਰ ਹੀ ਨਹੀਂ ਹਨ, ਸਗੋਂ ਜਾਅਲੀ ਪੱਤਰਕਾਰ ਬਣ ਕੇ ਉਸ ਨਾਲ ਠੱਗੀ ਕਰ ਰਹੇ ਸਨ | ਇਸ ਤੋਂ ਬਾਅਦ ਮਹਿਲਾ ਨੇ ਪੁਲਿਸ ਨੂੰ ਵਿਸਥਾਰਪੂਰਵਕ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ | ਪੁਲਿਸ ਜਾਂਚ ਤੋਂ ਬਾਅਦ ਥਾਣਾ ਸਿਟੀ ਜਗਰਾਉਂ ਵਿਚ ਨਸੀਬ ਸਿੰਘ ਉਰਫ਼ ਨਸੀਬ ਵਿਰਕ ਵਾਸੀ ਪਿੰਡ ਵਿਰਕ ਅਤੇ ਸੋਨੀ ਸ਼ੇਰਪੁਰੀ ਵਾਸੀ ਪਿੰਡ ਸ਼ੇਰਪੁਰ ਕਲਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 308(2), 318(4), 61(2), 74 ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਦੇ ਐੱਸ.ਆਈ. ਖੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਨਸੀਬ ਵਿਰਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਸੋਨੀ ਸ਼ੇਰਪੁਰੀ ਦੀ ਭਾਲ ਜਾਰੀ ਹੈ | ਗਿ੍ਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੋਰ ਕਿੰਨੇ ਲੋਕਾਂ ਨੂੰ ਇਸੇ ਤਰ੍ਹਾਂ ਠੱਗਿਆ ਹੈ | ਪੁਲਿਸ ਨੂੰ ਸ਼ੱਕ ਹੈ ਕਿ ਇਸ ਗਰੋਹ 'ਚ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਹਨ | ਦੂਜੇ ਪਾਸੇ ਜਗਰਾਉਂ ਦੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਹੋਰ ਵੀ ਸ਼ਿਕਾਇਤਾਂ ਆ ਰਹੀਆਂ ਹਨ, ਜਿਨ੍ਹਾਂ ਦੀ ਜਾਂਚ ਹੋਵੇਗੀ | ਜੇਕਰ ਉਕਤ ਮਾਮਲਿਆਂ ਵਿਚ ਵੀ ਇਹ ਲੋਕ ਸ਼ਾਮਿਲ ਹੋਏ ਤਾਂ ਇਨ੍ਹਾਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਹਾਈਕੋਰਟ ਦੇ ਵਾਰੰਟ ਅਫ਼ਸਰ ਨੇ ਸਿਟੀ ਥਾਣੇ ਮਾਰਿਆ ਛਾਪਾ
ਸੂਤਰਾਂ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਦੇਰ ਰਾਤ ਹੀ ਹਿਰਾਸਤ 'ਚ ਲੈ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਗਿ੍ਫ਼ਤਾਰੀ ਦਰਜ ਕੀਤੀ ਗਈ | ਦੂਜੇ ਪਾਸੇ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਕਿ ਉਸ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ | ਪਟੀਸ਼ਨ ਤੋਂ ਬਾਅਦ ਨਿਯੁਕਤ ਵਾਰੰਟ ਅਫ਼ਸਰ ਨੇ ਮੰਗਲਵਾਰ ਤੜਕੇ ਕਰੀਬ 4 ਵਜੇ ਥਾਣਾ ਸਿਟੀ ਜਗਰਾਉਂ 'ਚ ਛਾਪਾ ਮਾਰਿਆ | ਹਾਲਾਂਕਿ ਉਦੋਂ ਤੱਕ ਪੁਲਿਸ ਗਿ੍ਫ਼ਤਾਰੀ ਦਰਜ ਕਰ ਚੁੱਕੀ ਸੀ | ਜਾਂਚ ਦੌਰਾਨ ਵਾਰੰਟ ਅਫ਼ਸਰ ਨੇ ਗਿ੍ਫ਼ਤਾਰੀ ਦਾ ਸਮਾਂ, ਕੇਸ ਦਰਜ ਹੋਣ ਦਾ ਸਮਾਂ ਅਤੇ ਹੋਰ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਅਤੇ ਆਪਣੀ ਰਿਪੋਰਟ ਤਿਆਰ ਕੀਤੀ | ਹੁਣ ਗਿ੍ਫ਼ਤਾਰੀ ਦੀ ਸਮਾਂ-ਸੀਮਾ ਅਤੇ ਪੂਰੀ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਲਾਈਨਮੈਨਾਂ 'ਤੇ ਵਹਿਸ਼ੀਆਨਾ ਲਾਠੀਚਾਰਜ ਵਿਰੁੱਧ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਰੋਹ ਭਰਪੂਰ ਮੁਜ਼ਾਹਰਾ <br/> ਅਗਲੀ ਖ਼ਬਰ ਪੰਥ ਤੇ ਪੰਜਾਬ ਦੇ ਵਡੇਰੇ ਹਿਤਾਂ ਲਈ ਵਿਧਾਇਕ ਇਯਾਲੀ ਦਾ ਫ਼ੈਸਲਾ ਸ਼ਲਾਘਾਯੋਗ-ਅਕਾਲੀ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।