ਮੁੱਲਾਂਪੁਰ-ਦਾਖਾ, 9 ਜੂਨ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸਾਹਿਬ ਅਸਥਾਨ ਸ਼ਹੀਦ ਬਾਬਾ ਨੱਥੂ ਜੀ ਪਿੰਡ ਦਾਖਾ (ਲੁਧਿ:) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਨੱਥੂ ਜੀ ਦੀ ਸਲਾਨਾ ਬਰਸੀ 2 ਹਾੜ੍ਹ 16 ਜੂਨ ਨੂੰ ਸ਼ਰਧਾ-ਭਾਵਨਾ ਨਾਲ ਮਨਾਈ ਜਾਵੇਗੀ | ਪ੍ਰਬੰਧਕੀ ਪ੍ਰਧਾਨ ਬਲਬੀਰ ਸਿੰਘ ਸੇਖੋਂ ਅਨੁਸਾਰ 14 ਜੂਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਨੂੰ ਪਾਏ ਜਾਣਗੇਂ | ਭਾਈ ਅਮਰੀਕ ਸਿੰਘ ਦੇ ਕੀਰਤਨੀ ਜੱਥੇ ਵਲੋਂ ਗੁਰਬਾਣੀ ਕੀਰਤਨ ਹੋਵੇਗਾ | ਭਾਈ ਦਰਸ਼ਨ ਸਿੰਘ ਲੰਮਾ ਜੱਟਪੁਰਾ ਵਲੋਂ ਗੁਰੂ ਸ਼ਬਦ ਕਥਾ ਦੀ ਵਿਚਾਰ ਕੀਤੀ ਜਾਵੇਗੀ | ਤਿੰਨੋਂ ਦਿਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਧਾਰਮਿਕ ਸਮਾਗਮ ਦੇ ਚੱਲਦਿਆਂ ਮਾਨਵਤਾ ਦੀ ਭਲਾਈ 16 ਜੂਨ ਨੂੰ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ |