ਹੰਬੜਾਂ, 9 ਜੂਨ (ਮੇਜਰ ਹੰਬੜਾਂ)-ਪ੍ਰਵਾਸੀ ਭਾਰਤੀ ਬਲਵੰਤ ਸਿੰਘ ਝੱਜ ਤੇ ਝੱਜ ਗੈਸ ਏਜੰਸੀ ਹੰਬੜਾਂ ਦੇ ਮਾਲਕ ਜਗਜੀਵਨ ਸਿੰਘ ਝੱਜ ਵਲੀਪੁਰ ਕਲਾਂ ਵਾਲਿਆਂ ਵਲੋਂ ਆਪਣੇ ਪਿਤਾ ਸਵ: ਸੁਖਦੇਵ ਸਿੰਘ ਝੱਜ ਸਾਬਕਾ ਸਰਪੰਚ ਵਲੀਪੁਰ ਕਲਾਂ ਦੀ ਨਿੱਘੀ ਯਾਦ 'ਚ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਦੇ ਦਰਬਾਰ ਸਾਹਿਬ ਲਈ ਤਿੰਨ ਏ. ਸੀ. ਭੇਟ ਕੀਤੇ ਗਏ | ਸਰਪ੍ਰਸਤ ਤੇਜਾ ਸਿੰਘ ਗਿੱਲ ਨੇ ਕਿਹਾ ਕਿ ਝੱਜ ਪਰਿਵਾਰ ਇਲਾਕੇ ਵਿਚ ਸਮਾਜ ਸੇਵੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ ਤੇ ਸਾਬਕਾ ਸਰਪੰਚ ਸਵ: ਸੁਖਦੇਵ ਸਿੰਘ ਝੱਜ ਵਲੋਂ ਵੀ ਹਮੇਸ਼ਾਂ ਹੰਬੜਾਂ ਟੂਰਨਾਮੈਂਟ ਕਰਵਾਏ ਜਾਣ ਸਮੇਂ ਤੇ ਸਰਕਾਰੀ ਸਕੂਲ ਵਿਚ ਕਮਰੇ ਬਣਾਏ ਜਾਣ ਸਮੇਤ ਹੋਰ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਭਾਗ ਲਿਆ ਜਾਂਦਾ ਰਿਹਾ ਤੇ ਅੱਜ ਉਸ ਪਿਰਤ ਨੂੰ ਜਾਰੀ ਰੱਖਦੇ ਹੋਏ ਝੱਜ ਪਰਿਵਾਰ ਵਲੋਂ 1 ਲੱਖ 55 ਹਜ਼ਾਰ ਰੁਪਏ ਗੁਰੂ ਘਰ 'ਚ ਏ. ਸੀ. ਲਗਾਉਣ ਲਈ ਸੇਵਾ ਕੀਤੀ ਗਈ | ਸਰਪ੍ਰਸਤ ਤੇਜਾ ਸਿੰਘ ਗਿੱਲ, ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਆੜ੍ਹਤੀ ਜਗਤਾਰ ਸਿੰਘ ਕੈਲੇ, ਸਾਬਕਾ ਪੰਚ ਅਵਤਾਰ ਸਿੰਘ ਤਾਰੀ ਚੀਮਾ ਤੇ ਹੋਰ ਗੁਰੂ ਘਰ ਦੇ ਪ੍ਰਬੰਧਕਾਂ ਨੇ ਬਲਵੰਤ ਸਿੰਘ ਝੱਜ ਅਤੇ ਜਗਜੀਵਨ ਸਿੰਘ ਝੱਜ ਤੇ ਸਮੂਹ ਝੱਜ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿੰਨ੍ਹਾਂ ਨੇ ਸੰਗਤਾਂ ਦੀ ਸਹੂਲਤ ਲਈ ਏ.ਸੀ ਭੇਟ ਕੀਤੇ ਹਨ |