ਰਾਏਕੋਟ, 10 ਜੂਨ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਪਿੰਡ ਜਲਾਲਦੀਵਾਲ ਕੈਂਚੀਆਂ ਨੇੜੇ ਇੱਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 1 ਵਜੇ ਦੇ ਕਰੀਬ 4-5 ਟਰੈਕਟਰ ਟਰਾਲੀਆਂ ਮੁੱਲਾਂਪੁਰ ਸਾਈਡ ਤੋਂ ਪਸ਼ੂਆਂ ਦੇ ਚਾਰੇ ਵਾਲਾ ਆਚਾਰ ਪਾ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਇਸ ਦੌਰਾਨ ਨਵਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਗੁਰਤੇਜ਼ ਸਿੰਘ ਪੁੱਤਰ ਮੁਕੰਦ ਸਿੰਘ ਦੋਵੇਂ ਵਾਸੀ ਅਕਲੀਆਂ (ਮਾਨਸਾ) ਦੇ ਟਰੈਕਟਰ ਨੂੰ ਰਾਏਕੋਟ-ਜਲਾਲਦੀਵਾਲ ਕੈਂਚੀਆਂ ਨਜ਼ਦੀਕ ਅਣ-ਪਛਾਤੇ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ | ਇਸ ਹਾਦਸੇ ਦੌਰਾਨ ਗੁਰਤੇਜ਼ ਸਿੰਘ (ਕਰੀਬ 40) ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ, ਜਦਕਿ ਨਵਦੀਪ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ | ਇਸ ਹਾਦਸੇ ਬਾਅਦ ਅਣ-ਪਛਾਤਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿਨ੍ਹਾਂ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮਿ੍ਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਵਲੋਂ ਅਣ-ਪਛਾਤੇ ਵਾਹਨ ਖਿਲਾਫ਼ ਬਣਦੀ ਕਾਰਵਾਈ ਸ਼ੁਰੂ ਕਰ ਕੀਤੀ ਗਈ |