30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਿਜਲੀ ਨਾ ਆਉਣ ਕਾਰਨ ਨਗਰ ਕੌਂਸਲ ਰਾਏਕੋਟ ਦੂਜੇ ਦਿਨ ਵੀ ਹਨੇਰੇ 'ਚ ਡੁੱਬੀ ਰਹੀ

ਅਜੀਤ ਡੈਸਕ 11-06-2026
ਰਾਏਕੋਟ, 10 ਜੂਨ (ਬਲਵਿੰਦਰ ਸਿੰਘ ਲਿੱਤਰ)-ਸਥਾਨਕ ਨਗਰ ਕੌਂਸਲ ਦਫ਼ਤਰ ਵਿੱਚ ਦੂਜੇ ਦਿਨ ਵੀ ਬਿਜਲੀ ਨਾ ਆਉਣ ਕਾਰਨ ਹਨ੍ਹੇਰਾ ਛਾਇਆ ਰਿਹਾ, 46 ਡਿਗਰੀ ਤਾਪਮਾਨ ਵਿੱਚ ਕਰਮਚਾਰੀਆਂ ਲਈ ਬੰਦ ਕਮਰਿਆਂ ਵਿੱਚ ਬੈਠਣਾ ਇੱਕ ਵੱਡੀ ਚੁਣੌਤੀ ਬਣਿਆ ਰਿਹਾ | ਸਿਸਟਮ ਠੱਪ ਹੋਣ ਕਾਰਨ ਆਪਣਾ ਕੰਮ ਨਾ ਹੋਣ ਤੋਂ ਨਾਰਾਜ਼ ਕਈ ਸ਼ਹਿਰ ਵਾਸੀ ਨਗਰ ਕੌਂਸਲ ਦਫ਼ਤਰ 'ਚ ਰੋਸ ਜ਼ਾਹਿਰ ਕਰਦੇ ਹੋਏ ਵਾਪਸ ਮੁੜੇ |ਲੋਕਾਂ ਦਾ ਕਹਿਣਾ ਸੀ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਗਰਮੀ ਦੇ ਮੌਸਮ ਦੌਰਾਨ ਵਾਰ-ਵਾਰ ਦਫ਼ਤਰ ਦੇ ਚੱਕਰ ਲਗਾਉਣ ਦੇ ਬਾਵਜੂਦ ਕੰਮ ਨਾ ਹੋਣਾ ਠੀਕ ਨਹੀਂ ਹੈ | ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਮੁੱਢਲੀਆਂ ਅਤੇ ਡਿਜ਼ੀਟਲ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇੱਥੇ ਬਿਜਲੀ ਨਾ ਹੋਣ ਕਾਰਨ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਦੇ ਕੰਮ ਕਰਨ ਵਿੱਚ ਅਸਮਰੱਥ ਰਹੇ ਕਿਉਂਕਿ ਜ਼ਿਆਦਾਤਰ ਕੰਮ ਆਨਲਾਈਨ ਪ੍ਰਣਾਲੀ ਰਾਹੀਂ ਹੀ ਹੁੰਦੇ ਹਨ |ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਟੈਕਸ ਜਮ੍ਹਾਂ ਕਰਵਾਉਣ ਲਈ ਦਫ਼ਤਰ ਪਹੁੰਚਿਆ, ਪਰ ਇੱਕ ਕਰਮਚਾਰੀ ਨੇ ਰਸੀਦ ਨਾ ਨਿਕਲ ਸਕਣ ਦੀ ਮਜਬੂਰੀ ਦੱਸਦਿਆਂ ਉਸਨੂੰ ਆਨਲਾਈਨ ਭੁਗਤਾਨ ਕਰਨ ਦੀ ਸਲਾਹ ਦਿੱਤੀ | ਜਿਸ 'ਤੇ ਬਜ਼ੁਰਗ ਨੇ ਕਿਹਾ ਕਿ ਉਸ ਨੂੰ ਆਨਲਾਈਨ ਭੁਗਤਾਨ ਕਰਨਾ ਨਹੀਂ ਆਉਂਦਾ ਅਤੇ ਉਹ ਨਿਰਾਸ਼ ਹੋ ਕੇ ਦਫ਼ਤਰ ਤੋਂ ਚਲਾ ਗਿਆ | ਜਾਣਕਾਰੀ ਅਨੁਸਾਰ ਨਗਰ ਕੌਂਸਲ ਰਾਏਕੋਟ ਵੱਲੋਂ ਪ੍ਰੀਪੇਡ ਮੀਟਰ ਲਈ ਬਿਜਲੀ ਵਿਭਾਗ ਨੂੰ ਆਪਣੇ ਬੈਂਕ ਖਾਤੇ ਰਾਹੀਂ 24,460 ਰੁਪਏ ਐੱਨ.ਈ.ਐੱਫ.ਟੀ. ਰਾਹੀਂ ਭੇਜੇ ਗਏ ਸਨ, ਪਰ ਇਸ ਦੀ ਪੁਸ਼ਟੀ ਬਿਜਲੀ ਵਿਭਾਗ ਵੱਲੋਂ ਨਹੀਂ ਹੋ ਸਕੀ | ਬਿਜਲੀ ਵਿਭਾਗ ਨੇ ਨਗਰ ਕੌਂਸਲ ਨੂੰ ਯੂ.ਟੀ.ਆਰ. ਨੰਬਰ, ਜੋ ਕਿ ਭੁਗਤਾਨ ਦੀ ਪੁਸ਼ਟੀ ਹੁੰਦੀ ਹੈ, ਮੁਹੱਈਆਂ ਕਰਵਾਉਣ ਲਈ ਕਿਹਾ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ |ਨਗਰ ਕੌਂਸਲ ਵੱਲੋਂ ਇਹ ਯੂ.ਟੀ.ਆਰ. ਦੁਪਹਿਰ ਬਾਅਦ ਉਪਲੱਬਧ ਕਰਵਾ ਦਿੱਤਾ ਗਿਆ, ਪਰ ਇਸ ਦੇ ਬਾਵਜੂਦ ਵੀ ਅੱਜ ਬਿਜਲੀ ਬਹਾਲ ਨਹੀਂ ਹੋ ਸਕੀ | ਇਸ ਕਾਰਨ ਨਗਰ ਕੌਂਸਲ ਦੀ ਸਥਿਤੀ ਇਸ ਵੇਲੇ 'ਅਸਮਾਨ ਤੋਂ ਡਿੱਗੇ, ਖਜੂਰ ਵਿੱਚ ਅਟਕੇ' ਵਾਲੀ ਬਣੀ ਹੋਈ ਹੈ | ਭੁਗਤਾਨ ਹੋਣ ਦੇ ਬਾਵਜੂਦ ਕਨਫਰਮੇਸ਼ਨ ਨਾ ਮਿਲਣ ਕਾਰਨ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ |
ਕੀ ਕਹਿਣਾ ਹੈ ਕਾਰਜ ਸਾਧਕ ਅਫ਼ਸਰ ਦਾ--
ਜਦੋਂ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਕਦੇ ਵੀ ਬਿਜਲੀ ਵਿਭਾਗ ਦਾ ਬਿੱਲ ਨਹੀਂ ਰੋਕਿਆ ਗਿਆ ਅਤੇ ਨਾ ਹੀ ਕੋਈ ਬਕਾਇਆ ਰਕਮ ਹੈ | ਇਸ ਦੇ ਬਾਵਜੂਦ ਪ੍ਰੀਪੇਡ ਮੀਟਰ ਪ੍ਰਣਾਲੀ ਕਾਰਨ ਤਿੰਨ ਦਿਨਾਂ ਤੋਂ ਕਰਮਚਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਰਕਾਰੀ ਵਿਭਾਗ ਦੀ ਪੁਰਾਣੀ ਭੁਗਤਾਨ ਸਾਖ਼ ਨੂੰ ਦੇਖਦੇ ਹੋਏ ਇਸ ਤਰ੍ਹਾਂ ਤੁਰੰਤ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਸਰਕਾਰੀ ਦਫ਼ਤਰ ਆਮ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜ੍ਹੇ ਹੁੰਦੇ ਹਨ ਅਤੇ ਬਿਜਲੀ ਨਾ ਹੋਣ ਕਾਰਨ ਕਰਮਚਾਰੀਆਂ ਅਤੇ ਲੋਕਾਂ ਦੋਵਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਸ਼ਾਮ ਤੱਕ ਯੂ.ਟੀ.ਆਰ. ਦੀ ਪੁਸ਼ਟੀ ਹੋ ਜਾਵੇਗੀ ਅਤੇ ਕੱਲ੍ਹ ਸਵੇਰ ਤੋਂ ਨਗਰ ਕੌਂਸਲ ਦਫ਼ਤਰ ਵਿੱਚ ਬਿਜਲੀ ਸਪਲਾਈ ਮੁੜ ਬਹਾਲ ਹੋ ਜਾਵੇਗੀ, ਜਿਸ ਨਾਲ ਲੋਕ ਆਪਣੇ ਕੰਮ ਸੁਚਾਰੂ ਢੰਗ ਨਾਲ ਕਰਵਾ ਸਕਣਗੇ |
ਪਿਛਲੀ ਖ਼ਬਰ ਇਯਾਲੀ ਦੇ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਪਾਰਟੀ ਸੂਬੇ 'ਚ ਹੋਰ ਮਜ਼ਬੂਤ ਹੋਵੇਗੀ-ਗਿੱਲ ਕੋਟਲੀ ਅਗਲੀ ਖ਼ਬਰ ਸਿਹਤਮੰਦ ਨੌਜਵਾਨ ਬਣਨਗੇ 'ਵਾਰਿਸ ਪੰਜਾਬ ਦੇ'-ਬਾਪੂ ਤਰਸੇਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।