ਨਿਹੰਗ ਸਿੰਘਾਂ ਨੇ ਦਿਖਾਏ ਗਤਕੇ ਦੇ ਜੌਹਰ
ਮੁੱਲਾਂਪੁਰ-ਦਾਖਾ, 17 ਜੂਨ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਪਮਾਲ ਦੇ ਗੁਰਦੁਆਰਾ ਪ੍ਰੇਮ ਸਾਗਰ ਵਿਖੇ ਸਾਲਾਨਾ ਜੋੜ ਮੇਲੇ ਦੇ ਚੱਲਦਿਆਂ ਅੱਜ ਮੱਧ ਵਾਲੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ‘ਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੁਆਰਾ ਪਿੰਡ ਪਮਾਲ ਦੀ ਪਰਿਕਰਮਾ ਸਮੇਂ ਭਾਈ ਜਸਵਿੰਦਰ ਸਿੰਘ ਮੁੱਲਾਂਪਰ ਦੇ ਰਾਗੀ ਜੱਥੇ ਵਲੋਂ ਕੀਰਤਨ ਕੀਤਾ ਗਿਆ। ਵੱਖੋ-ਵੱਖ ਪੜਾਵਾਂ ‘ਤੇ ਢਾਡੀ ਜੱਥਿਆਂ ਅਤੇ ਪ੍ਰਚਾਰਕਾਂ ਸੰਗਤ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਉਸ ਸਮੇਂ ਦੇ ਹੁਕਮਰਾਨ ਜਹਾਂਗੀਰ ਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਸਿੱਖ ਧਰਮ ਸੰਗਠਿਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗ੍ਰੰਥ ਦਾ ਸੰਪਾਦਨ ਹੋਵੇ, ਜਹਾਂਗੀਰ ਨੂੰ ਇਹ ਭੁਲੇਖਾ ਸੀ ਕਿ ਇਸਲਾਮ ਦੀ ਬਿਹਤਰੀ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਬਾਉਣਾ ਲਾਜ਼ਮੀ ਹੈ, ਜਦਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਸੂਫੀ ਫਕੀਰ ਸਾਈਂ ਮੀਆਂ ਮੀਰ ਪਾਸੋਂ ਹਰਮੰਦਿਰ ਸਾਹਿਬ ਦੀ ਨੀਂਹ ਰਖਵਾ ਕੇ ਹਿੰਦੁਸਤਾਨ ਵਿੱਚ ਸਰਬ ਸਾਂਝੀਵਾਲਤਾ ਦਾ ਇੱਕ ਅਧਿਆਇ ਜੋੜਿਆ ਸੀ। ਉਨ੍ਹਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਅਤੇ ਹਰਿਮੰਦਿਰ ਸਾਹਿਬ ਦੀ ਉਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀਆਂ ਦੋ ਬਹੁਤ ਵੱਡੀਆਂ ਪ੍ਰਾਪਤੀਆਂ ਸਨ। ਨਗਰ ਕੀਰਤਨ ਦੌਰਾਨ ਨਿਹੰਗ ਸਿੰਘਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਮਾਲ ਜੋੜ ਮੇਲੇ ‘ਤੇ ਹਲਵਾਰਾ, ਦਾਦ, ਅੱਬੂਵਾਲ, ਕਿਲ੍ਹਾ ਰਾਏਪੁਰ, ਰਾੜਾ ਸਾਹਿਬ, ਘਵੱਦੀ ਅਤੇ ਲੁਧਿਆਣਾ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਪ੍ਰੇਮ ਸਾਗਰ ਪਮਾਲ ਵਿਖੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਸਮਾਗਮ ਦੇ ਆਖਰੀ ਦਿਨ ਵੀਰਵਾਰ 18 ਜੂਨ ਅਖੰਡ ਪਾਠ ਦੇ ਭੋਗ ਉਪਰੰਤ ਦਿਨ ਭਰ ਦੀਵਾਨ ਸਜਾਏ ਜਾਣਗੇ, ਜਿਸ ਵਿਚ ਗਿਆਨੀ ਮਲਕੀਤ ਸਿੰਘ ਪਪਰਾਲੀ, ਗਿਆਨੀ ਅਮਨਦੀਪ ਸਿੰਘ ਫਰਵਾਲਾ ਅਤੇ ਬੀਬੀ ਸੰਦੀਪ ਕੌਰ ਖਾਲਸਾ ਦੇ ਪ੍ਰਸਿੱਧ ਢਾਡੀ ਜੱਥੇ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਉਣਗੇਂ।