ਪ੍ਰਭਾਵਿਤ ਕਿਸਾਨਾਂ ਵਲੋਂ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ
ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ-ਧੂਰੀ ਰੋਡ ‘ਤੇ ਸਥਿਤ ਰਾਏਕੋਟ ਰਜਵਾਹੇ ਦਾ ਗੈਬੀ ਪੁਲ ਟੁੱਟਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ, ਝੋਨੇ ਤੇ ਮੱਕੀ ਦੀ ਫ਼ਸਲ ਪਾਣੀ ਦੇ ਮਾਰ ਹੇਠ ਆਉਣ ਕਾਰਨ ਕਿਸਾਨ ਹੋਏ ਪ੍ਰੇਸ਼ਾਨ। ਦੱਸਣਯੋਗ ਹੈ ਕਿ ਇਸ ਗੈਬੀ ਪੁਲ ਦੀ ਪਿਛਲੇ ਕਾਫ਼ੀ ਸਮੇਂ ਤੋਂ ਖ਼ਸਤਾ ਹਾਲਤ ਬਣੀ ਹੋਈ ਸੀ, ਜਿਸ ਸਬੰਧੀ ਕਈ ਵਾਰ ਅਦਾਰਾ ‘ਅਜੀਤ’ ਵੱਲੋਂ ਖ਼ਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੇ ਯਤਨ ਵੀ ਕੀਤੇ ਗਏ, ਪ੍ਰੰਤੂ ਸਿੰਚਾਈ ਵਿਭਾਗ ਤੇ ਰਾਏਕੋਟ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅੱਜ ਸਵੇਰੇ ਉਕਤ ਗੈਬੀ ਪੁਲ ਦਾ ਕੁਝ ਹਿੱਸਾ ਟੁੱਟ ਗਿਆ। ਜਿਸ ਕਾਰਨ ਆਸ-ਪਾਸ ਦੇ ਖੇਤਾਂ ਵਿਚ ਵੱਡੀ ਪੱਧਰ ‘ਤੇ ਪਾਣੀ ਜਮ੍ਹਾਂ ਹੋਣ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਮੌਕੇ ਪੀੜਤ ਕਿਸਾਨ ਜੋਗਿੰਦਰ ਸਿੰਘ ਪੁੱਤਰ ਨੰਬਰਦਾਰ ਮਲਕੀਤ ਸਿੰਘ ਵਾਸੀ ਰਾਏਕੋਟ ਦਾ 10 ਏਕੜ ਝੋਨਾ ਅਤੇ ਗੁਰਦੀਪ ਸਿੰਘ ਪੁੱਤਰ ਚੰਦ ਸਿੰਘ ਵਾਸੀ ਰਾਏਕੋਟ ਦੀ 3 ਏਕੜ ਦੇ ਕਰੀਬ ਮੱਕੀ ਦੀ ਫ਼ਸਲ ਪਾਣੀ ਦੀ ਮਾਰ ਹੇਠਾਂ ਆਉਣ ਕਾਰਨ ਪ੍ਰਭਾਵਿਤ ਹੋਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਸ ਗੈਬੀ ਪੁਲ ਦੀ ਲੀਕੇਜ਼ ਦੀ ਸਮੱਸਿਆ ਕਾਫ਼ੀ ਲੰਮੇ ਸਮੇਂ ਤੋਂ ਨਿਰੰਤਰ ਜਾਰੀ ਸੀ, ਵਾਰ-ਵਾਰ ਸਿੰਚਾਈ ਵਿਭਾਗ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਮਸਲੇ ਦਾ ਕੋਈ ਵੀ ਢੁੱਕਵਾਂ ਹੱਲ ਨਾ ਕੀਤਾ ਗਿਆ। ਜਿਸ ਦੇ ਨਤੀਜੇ ਵਜੋਂ ਅੱਜ ਗੈਬੀ ਪੁਲ ਟੁੱਟਣ ਕਾਰਨ ਕਿਸਾਨਾਂ ਤੇ ਆਸਪਾਸ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਮੁਸ਼ੀਬਤ ਪੈਦਾ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੈਬੀ ਪੁਲ ਦੇ ਨਾਲ ਜਾਂਦੀ ਪੱਟੜੀ ਉੱਪਰ ਕਿਸਾਨ ਗੁਰਦੀਪ ਸਿੰਘ ਦਾ ਟਰੈਕਟਰ-ਟਰਾਲੀ ਵੀ ਇਸ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਟਰੈਕਟਰ-ਟਰਾਲੀ ਧੱਸ ਗਿਆ, ਅਖ਼ੀਰ ਕਿਸਾਨਾਂ ਤੇ ਆਸਪਾਸ ਦੇ ਲੋਕਾਂ ਵੱਲੋਂ ਕਾਫ਼ੀ ਜੱਦੋ-ਜ਼ਹਿਦ ਕਰਨ ਦੇ ਬਾਅਦ ਟਰੈਕਟਰ-ਟਰਾਲੀ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਟੁੱਟੇ ਗੈਬੀ ਪੁਲ ਨੂੰ ਦੁਬਾਰਾ ਬਣਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ।
ਕੀ ਕਹਿਣਾ ਹੈ ਸਿੰਚਾਈ ਵਿਭਾਗ ਦੇ ਐੱਸ. ਡੀ.� ਦਾ
ਜਦੋਂ ਸਿੰਚਾਈ ਵਿਭਾਗ ਦੇ ਐੱਸ.ਡੀ.�. ਜਗਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਗੈਬੀ ਪੁਲ ਦੀ ਜਲਦ ਨਵੀਂ ਸਿਰਿ�ਂ ਉਸਾਰੀ ਹੋਣੀ ਸੀ, ਝੋਨੇ ਦੀ ਲਵਾਈ ਦਾ ਸੀਜ਼ਨ ਹੋਣ ਕਰਕੇ ਉਨ੍ਹਾਂ ਵਲੋਂ ਉਸਾਰੀ ਨੂੰ ਰੋਕਿਆ ਹੋਇਆ ਸੀ, ਪ੍ਰੰਤੂ ਇਹ ਪੁਲ ਅੱਜ ਅਚਾਨਕ ਟੁੱਟ ਗਿਆ। ਉਨ੍ਹਾਂ ਕਿਹਾ ਕਿ ਇਸ ਪੁਲ ਦੀ ਮੁਰੰਮਤ ਕਰਕੇ ਰਜਵਾਹੇ ਨੂੰ ਜਲਦ ਚਾਲੂ ਕਰ ਦਿੱਤਾ ਜਾਵੇਗਾ।
-ਮਾਮਲਾ ਸਿੰਚਾਈ ਵਿਭਾਗ ਦੀ ਵੱਡੀ ਅਣਗਹਿਲੀ ਦਾ- ਰਾਏਕੋਟ-ਧੂਰੀ ਰੋਡ ’ਤੇ ਰਜਵਾਹੇ ਦਾ ਗੈਬੀ ਪੁਲ ਟੁੱਟਿਆ, ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ
ਅਜੀਤ ਡੈਸਕ
18-06-2026