ਬੱਚਿਆਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਹੋਇਆ ਮੁਸ਼ਕਿਲ, ਇੱਕੋ ਦਿਨ ਕੁੱਤਿਆਂ ਨੇ ਕਈ ਲੋਕਾਂ ਨੂੰ ਕੱਟਿਆ
ਜਗਰਾਉਂ, 17 ਜੂਨ (ਗੁਰਦੀਪ ਸਿੰਘ ਮਲਕ): ਸ਼ਹਿਰ ਦੇ ਖੂਬਸੂਰਤ ਇਲਾਕੇ ਮੋਤੀ ਬਾਗ ਜਗਰਾਉਂ ਵਿੱਚ ਲਾਵਾਰਸ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲਾਤ ਇੰਨੇ ਗੰਭੀਰ ਹੋ ਚੁੱਕੇ ਹਨ ਕਿ ਛੋਟੇ ਬੱਚਿਆਂ ਦਾ ਗਲੀਆਂ-ਮੁਹੱਲਿਆਂ ਵਿੱਚ ਖੇਡਣਾ ਲੱਗਭਗ ਬੰਦ ਹੋ ਗਿਆ ਹੈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੀ ਕਈ ਵਾਰ ਸੋਚਣ ਲਈ ਮਜ਼ਬੂਰ ਹਨ। ਸਥਾਨਕ ਵਸਨੀਕਾਂ ਦਾ ਦੋਸ਼ ਹੈ ਕਿ ਲਾਵਾਰਸ ਕੁੱਤਿਆਂ ਦੇ ਇੱਕ ਝੁੰਡ ਨੇ ਪਿਛਲੇ ਕੁਝ ਦਿਨਾਂ ਦੌਰਾਨ ਕਈ ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕੀਤਾ ਹੈ, ਪਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕ ਰਹੇ। ਇਲਾਕੇ ਵਿੱਚ ਵੱਧ ਰਹੀਆਂ ਘਟਨਾਵਾਂ ਕਾਰਨ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗਲੀ ‘ਚੋਂ ਲੰਘਣ ਵਾਲੇ ਰਾਹਗੀਰਾਂ ਉੱਤੇ ਕੁੱਤੇ ਅਚਾਨਕ ਝੁੰਡ ਬਣਾ ਕੇ ਹਮਲਾ ਕਰ ਦਿੰਦੇ ਹਨ, ਜਿਸ ਕਾਰਨ ਹਰ ਵੇਲੇ ਕਿਸੇ ਅਣਸੁਖਾਵੀਂ ਘਟਨਾ ਦਾ ਖਤਰਾ ਬਣਿਆ ਰਹਿੰਦਾ ਹੈ। ਸਥਾਨਕ ਵਸਨੀਕ ਪ੍ਰਕਾਸ਼ ਕੌਰ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਜਿਵੇਂ ਹੀ ਕੋਈ ਵਿਅਕਤੀ ਗਲੀ ਵਿਚੋਂ ਲੰਘਦਾ ਹੈ ਤਾਂ ਲਾਵਾਰਸ ਕੁੱਤੇ ਉਸ ਉੱਤੇ ਭੌਂਕਦੇ ਹੋਏ ਟੁੱਟ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਇਨ੍ਹਾਂ ਕੁੱਤਿਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਮਹਿੰਗਾ ਰਾਮ, ਸੁਖਵਿੰਦਰ ਸਿੰਘ ਅਤੇ ਹਾਲ ਹੀ ਵਿੱਚ ਸੱਤ ਸਾਲਾ ਬੱਚੀ ਕਾਵਿਆ ਸਮੇਤ ਕਈ ਹੋਰ ਲੋਕ ਵੀ ਕੁੱਤਿਆਂ ਦੇ ਹਮਲੇ ਵਿੱਚ ਜ਼ਖ਼ਮੀ ਹੋ ਚੁੱਕੇ ਹਨ। ਕੌਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਬੱਚਿਆਂ ਨੂੰ ਇਕੱਲਿਆਂ ਬਾਹਰ ਨਾ ਭੇਜਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੀ ਇਸ ਚਿਤਾਵਨੀ ਤੋਂ ਬਾਅਦ ਇਲਾਕੇ ਦੇ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ।
ਨਸ਼ਬੰਦੀ ’ਤੇ ਲੱਖਾਂ ਰੁਪਏ ਖਰਚਣ ਦੇ ਦਾਵਿਆਂ ’ਤੇ ਉੱਠੇ ਸਵਾਲ
ਸਥਾਨਕ ਲੋਕਾਂ ਨੇ ਨਗਰ ਕੌਂਸਲ ਵਲੋਂ ਹਰ ਸਾਲ ਲਾਵਾਰਸ ਕੁੱਤਿਆਂ ਦੀ ਨਸ਼ਬੰਦੀ ਅਤੇ ਕੰਟਰੋਲ ਲਈ ਲੱਖਾਂ ਰੁਪਏ ਖਰਚਣ ਦੇ ਦਾਵਿਆਂ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਸ਼ਬੰਦੀ ਅਤੇ ਕੰਟਰੋਲ ਮੁਹਿੰਮ ਪ੍ਰਭਾਵਸ਼ਾਲੀ ਢੰਗ ਨਾਲ ਚਲਾਈ ਜਾ ਰਹੀ ਹੈ ਤਾਂ ਫਿਰ ਸ਼ਹਿਰ ਵਿੱਚ ਲਾਵਾਰਸ ਕੁੱਤਿਆਂ ਦੀ ਗਿਣਤੀ ਲਗਾਤਾਰ ਕਿਉਂ ਵੱਧ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਆਮ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ ਹੈ।
ਸਥਾਈ ਹੱਲ ਦੀ ਮੰਗ
ਮੋਤੀ ਬਾਗ ਅਤੇ ਆਸਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਵਾਰਸ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਕੁੱਤਿਆਂ ਨੂੰ ਤੁਰੰਤ ਫੜ ਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾਵੇ ਅਤੇ ਨਸ਼ਬੰਦੀ ਤੇ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।ਫਿਲਹਾਲ ਮੋਤੀ ਬਾਗ ਇਲਾਕੇ ਦੇ ਲੋਕ ਡਰ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਜੀਵਨ ਬਤੀਤ ਕਰਨ ਲਈ ਮਜ਼ਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ, ਤਦ ਤੱਕ �ਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਰਹੇਗੀ। ਇਸ ਸਬੰਧੀ ਗੱਲਬਾਤ ਕਰਨ ਲਈ ਈ.�. ਨੂੰ ਫੋਨ ਕੀਤਾ ਗਿਆ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਲਾਵਾਰਸ ਕੁੱਤਿਆਂ ਦੀ ਜਗਰਾਉਂ ’ਚ ਦਹਿਸ਼ਤ
ਅਜੀਤ ਡੈਸਕ
18-06-2026