07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਜਗਰਾਉਂ ਬੱਸ ਸਟੈਂਡ ਦੇ ਹਾਲਾਤ ਚਿੰਤਾਜਨਕ ਸਫ਼ਾਈ ਤੇ ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਅਜੀਤ ਡੈਸਕ 27-06-2026
ਜਗਰਾਉਂ, 26 ਜੂਨ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ): ਜਗਰਾਉਂ ਦੇ ਬੱਸ ਸਟੈਂਡ ਦੀ ਹਾਲਤ ਬੇਹੱਦ ਤਰਸਯੋਗ ਹੈ। ਲਾਲਾ ਲਾਜਪਤ ਰਾਏ ਦੇ ਨਾਮ ’ਤੇ ਬਣੇ ਇਸ ਬੱਸ ਅੱਡੇ ਵਿੱਚ ਸਫ਼ਾਈ, ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਵੱਲੋਂ ਕੀਤੇ ਗਏ ਦੌਰੇ ਦੌਰਾਨ ਸਾਹਮਣੇ ਆਇਆ ਕਿ ਬੱਸ ਸਟੈਂਡ ਦੇ ਬਾਥਰੂਮਾਂ ਦੀ ਹਾਲਤ ਬਹੁਤ ਹੀ ਮਾੜੀ ਹੈ। ਸਫ਼ਾਈ ਦੀ ਕਮੀ ਕਾਰਨ ਉੱਥੇ ਬਦਬੂ ਦਾ ਮਾਹੌਲ ਬਣਿਆ ਹੋਇਆ ਹੈ। ਬਾਥਰੂਮਾਂ ਵਿੱਚ ਹਵਾ ਦੀ ਆਵਾਜਾਈ ਲਈ ਐਗਜ਼ਾਸਟ ਫੈਨ ਤੱਕ ਨਹੀਂ ਲਗਾਏ ਗਏ, ਜਿਸ ਕਰਕੇ ਉਨ੍ਹਾਂ ਦੀ ਵਰਤੋਂ ਕਰਨਾ ਯਾਤਰੀਆਂ ਲਈ ਮੁਸ਼ਕਿਲ ਬਣਿਆ ਹੋਇਆ ਹੈ। ਬੱਸ ਸਟੈਂਡ ਅੰਦਰ ਕਈ ਥਾਵਾਂ ’ਤੇ ਗਟਰਾਂ ਦੇ ਢੱਕਣ ਗਾਇਬ ਮਿਲੇ, ਜਦਕਿ ਕੁਝ ਥਾਵਾਂ ’ਤੇ ਲੱਗੇ ਢੱਕਣ ਟੁੱਟੇ ਹੋਏ ਹਨ। ਅਜਿਹੇ ਹਾਲਾਤਾਂ ਵਿੱਚ ਕਿਸੇ ਵੀ ਸਮੇਂ ਬੱਚਿਆਂ ਜਾਂ ਯਾਤਰੀਆਂ ਨਾਲ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਕਈ ਸਥਾਨਾਂ ’ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਅਤੇ ਖੁੱਲ੍ਹੇ ਮੇਨ ਸਵਿੱਚ ਵੀ ਵੇਖਣ ਨੂੰ ਮਿਲੇ, ਜੋ ਸੁਰੱਖਿਆ ਪੱਖੋਂ ਗੰਭੀਰ ਲਾਪਰਵਾਹੀ ਨੂੰ ਦਰਸਾਉਂਦੇ ਹਨ। ਬੱਸ ਸਟੈਂਡ ਵਿੱਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਪਏ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਇਹ ਕੈਮਰੇ ਸਿਰਫ਼ ਦਿਖਾਵੇ ਲਈ ਲਗਾਏ ਗਏ ਜਾਪਦੇ ਹਨ ਕਿਉਂਕਿ ਇਨ੍ਹਾਂ ਦੀ ਕੋਈ ਕਾਰਗੁਜ਼ਾਰੀ ਨਜ਼ਰ ਨਹੀਂ ਆ ਰਹੀ। ਅੱਗ ਬੁਝਾਉਣ ਲਈ ਲਗਾਏ ਗਏ ਫਾਇਰ ਸਿਲੰਡਰ ਵੀ ਕਾਫ਼ੀ ਪੁਰਾਣੇ ਦਿਸ ਰਹੇ ਹਨ ਅਤੇ ਉਨ੍ਹਾਂ ’ਤੇ ਕੋਈ ਸਪੱਸ਼ਟ ਐਕਸਪਾਇਰੀ ਮਿਤੀ ਦਰਜ ਨਹੀਂ ਮਿਲੀ। ਇਸੇ ਤਰ੍ਹਾਂ ਬੱਸ ਸਟੈਂਡ ਦੀ ਇਮਾਰਤ ਉੱਤੇ ਲੱਗੇ ਪੱਥਰ ਕਈ ਥਾਵਾਂ ਤੋਂ ਢਿੱਲੇ ਹੋ ਕੇ ਹੇਠਾਂ ਡਿੱਗ ਰਹੇ ਹਨ। ਜੇਕਰ ਇਹ ਪੱਥਰ ਕਿਸੇ ਯਾਤਰੀ ਉੱਤੇ ਡਿੱਗ ਪੈਣ ਤਾਂ ਵੱਡਾ ਹਾਦਸਾ ਹੋ ਸਕਦਾ ਹੈ। ਇਨ੍ਹਾਂ ਸਾਰੇ ਹਾਲਾਤਾਂ ਦੇ ਬਾਵਜੂਦ ਨਾ ਤਾਂ ਰੋਡਵੇਜ਼ ਪ੍ਰਬੰਧਨ ਅਤੇ ਨਾ ਹੀ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਦਿਖਾਈ ਦੇ ਰਹੀ ਹੈ। ਬੱਸ ਸਟੈਂਡ ਦੀ ਮਾੜੀ ਹਾਲਤ ਬਾਰੇ ਜਦ ਸੰਬੰਧਿਤ ਅਧਿਕਾਰੀ ਜਗਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਗਟਰਾਂ ਦੇ ਲੋਹੇ ਦੇ ਢੱਕਣ ਅਕਸਰ ਚੋਰੀ ਹੋ ਜਾਂਦੇ ਹਨ। ਬਿਜਲੀ ਦੀਆਂ ਨੰਗੀਆਂ ਤਾਰਾਂ ਅਤੇ ਬਾਥਰੂਮਾਂ ਦੀ ਸਫ਼ਾਈ ਬਾਰੇ ਉਨ੍ਹਾਂ ਸਿਰਫ਼ ਇਹ ਕਿਹਾ ਕਿ ਉਹ ਮੌਕੇ ਦੀ ਜਾਂਚ ਕਰਵਾਉਣਗੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਜਿਵੇਂ ਕਈ ਮਹੀਨਿਆਂ ਤੋਂ ਕਿਸੇ ਅਧਿਕਾਰੀ ਨੇ ਬੱਸ ਸਟੈਂਡ ਦਾ ਨਿਰੀਖਣ ਹੀ ਨਹੀਂ ਕੀਤਾ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁੱਕਦਾ ਹੈ ਜਾਂ ਕਿਸੇ ਵੱਡੀ ਘਟਨਾ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਫਰਜ਼ੀ ਫੀਡ ਮਿੱਲ ਮਾਲਕਾਂ ’ਤੇ ਦਾਖਾ ਮਾਰਕੀਟ ਕਮੇਟੀ ਦੀ ਅਫ਼ਸਰਸ਼ਾਹੀ ਪੂਰੀ ਮੇਹਰਬਾਨ ! ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਮਾਸਟਰ ਸਟਰੋਕ ਨਾਲ ‘ਆਪ’ ਨੇ ਆਖ਼ਰੀ ਗਾਰੰਟੀ ਕੀਤੀ ਪੂਰੀ- ਕਾਕਾ ਬੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।