11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪਟਵਾਰੀਆਂ ਵਲੋਂ ‘ਆੜ ਰਹਿਣ’ ਦੇ ਰੇਟਾਂ ’ਚ ਅਚਾਨਕ ਵੱਡਾ ਵਾਧਾ

ਅਜੀਤ ਡੈਸਕ 01-07-2026
ਜਗਰਾਉਂ, 30 ਜੂਨ (ਗੁਰਦੀਪ ਸਿੰਘ ਮਲਕ)-ਲੁਧਿਆਣਾ ਜ਼ਿਲ੍ਹੇ ਵਿਚ ਪਟਵਾਰੀਆਂ ਨੇ ਚੋਣਾਂ ਨੇੜੇ ਆਉਂਦਿਆਂ ਹੀ ਰਿਸ਼ਵਤ ਦੇ ਰੇਟਾਂ ਵਿਚ ਕਥਿਤ ਤੌਰ ’ਤੇ ਵੱਡਾ ਵਾਧਾ ਕਰ ਦਿੱਤਾ ਹੈ। ਜਿਹੜੇ ਕਿਸਾਨ ਕਿਸੇ ਵੀ ਬੈਂਕ ਤੋਂ ਕਰਜ਼ਾ ਲੈਂਦੇ ਹਨ ਤਾਂ ਉਨ੍ਹਾਂ ਦੀ ਜ਼ਮੀਨ ਗਿਰਵੀ ਹੋਣ ਸਬੰਧੀ ਰਪਟ ਨੂੰ ਮਾਲ ਵਿਭਾਗ ਦੀ ਭਾਸ਼ਾ ਵਿਚ ‘ਆੜ ਰਹਿਣ’ ਆਖਿਆ ਜਾਂਦਾ ਹੈ। ਪਿਛਲੇ ਕੁਝ ਸਮੇਂ ਦੌਰਾਨ ਕੁਝ ਪਟਵਾਰੀਆਂ ਨੇ ਕਰਜ਼ਾ ਲੈਣ ਆਏ ਕਿਸਾਨਾਂ ਤੋਂ ਰਿਸ਼ਵਤ ਨਾ ਲੈਣ ਦੀ ਰਵਾਇਤ ਤੋਰੀ ਸੀ ਜੋ ਜਲਦੀ ਹੀ ਦਮ ਤੋੜ ਗਈ। ਪਤਾ ਲੱਗਾ ਹੈ ਕਿ ਸਭ ਤੋਂ ਪਹਿਲਾਂ ਇਕ ਮਹਿਲਾ ਪਟਵਾਰੀ ਨੇ ਆੜ ਰਹਿਣ ਦੀ ਰਪਟ ਦਾ 1000 ਰੁਪਏ ਲੈ ਕੇ ਇਹ ਰਵਾਇਤ ਤੋੜੀ ਤੇ ਫੇਰ ਅਜ਼ਮਾਇਸ਼ੀ ਵਕਤ ਵਾਲੇ ਪਟਵਾਰੀਆਂ ਦਾ ਝਾਕਾ ਵੀ ਖੁੱਲ੍ਹ ਗਿਆ। ਆਲ੍ਹਾ ਸੂਤਰਾਂ ਅਨੁਸਾਰ ਇਸ ਵੇਲੇ ਜਗਰਾਉਂ ਤੇ ਰਾਏਕੋਟ ਵਿਚ ਪਟਵਾਰੀ ਕੱਚੇ ਕਰਿੰਦਿਆਂ ਦੀ ਜਗ੍ਹਾ ਨਿੱਜੀ ਬੈਂਕਾਂ ਦੀ ਕਰਮਚਾਰੀਆਂ ਰਾਹੀਂ ‘ਸੇਵਾ ਪਾਣੀ’ ਦੀ ਵਸੂਲੀ ਕਰ ਰਹੇ ਹਨ। ਲੰਘੇ ਦਿਨ ਜਗਰਾਉਂ ਵਿਚ ਤਾਇਨਾਤ ‘ਪ੍ਰੀਤ’ ਨਾਲ ਵਿਚਰਨ ਵਾਲੇ ਦੋ ਪਟਵਾਰੀਆਂ ਨੇ ਤੁਰੰਤ ਰਪਟਾਂ ਪਾਉਣ ਦੇ ਰੱਜ ਕੇ ਪੈਸੇ ਲੈਣ ਦੀ ਪੁਸ਼ਟੀ ਜਾਣਕਾਰਾਂ ਨੇ ਕੀਤੀ ਹੈ। ਉਧਰ ਰਾਏਕੋਟ ਵਿਚ ‘ਕੌਰਵ’ (ਕਾਲਪਨਿਕ ਨਾਂਅ) ਦੇ ਪਟਵਾਰੀ ਨੇ ਇਕ ਹਜ਼ਾਰ ਰੁਪਏ ਵਸੂਲ ਕੇ ਵੀ ਸੋਮਵਾਰ ਤੱਕ ਆੜ ਰਹਿਣ ਦੀਆਂ ਰਪਟਾਂ ਦਰਜ ਨਹੀਂ ਕੀਤੀਆਂ, ਜੋ ਅੱਜ ਦਰਜ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕੱਚੇ ਕਰਿੰਦਿਆਂ ਵੱਲੋਂ ਮੁੱਲਾਂਪੁਰ ਦਾਖਾ, ਰਾਏਕੋਟ, ਸਿੱਧਵਾਂ ਬੇਟ ਅਤੇ ਜਗਰਾਉਂ ਵਿਚ ਪਹਿਲੀ ਦੀ ਤਰ੍ਹਾਂ ਲੁੱਟ ਮਚਾ ਦੇਣ ਦੀ ਚਰਚਾ ਹੈ। 13 ਸਾਲ ਦੀ ਜ਼ਮੀਨੀ ਰਿਕਾਰਡ ਦੀ ਨਕਲ ਦਾ ਸੌ ਰੁਪਏ ਪ੍ਰਤੀ ਸਾਲ ਤੇ ਸਰਕਾਰੀ ਫੀਸ ਦੇਣ ਦੀ ਪੁਸ਼ਟੀ ਕਈ ਕਿਸਾਨਾਂ ਨੇ ‘ਅਜੀਤ’ ਕੋਲ ਕੀਤੀ ਹੈ। ਉਧਰ ਜਿਥੇ ਜਗਰਾਉਂ ਦਫ਼ਤਰ ਕਾਨੂੰਗੋ ਦਫ਼ਤਰ ਦੇ ਕਰਿੰਦੇ ਜਿਥੇ ਕਾਫੀ ਹੱਦ ਤੱਕ ਸਬਰ ਨਾਲ ਚੱਲ ਰਹੇ ਹਨ, ਉਥੇ ਰਾਏਕੋਟ ਦਫ਼ਤਰ ਕਾਨੂੰਗੋ ਵਾਲਿਆਂ ਨੇ ਪਿੰਡ ਰਾਜਗੜ੍ਹ ਤੋਂ ਇਕ ਔਰਤ ਦੇ ਨਾਂਅ ਹੋਈ ਆੜ ਰਹਿਣ ਦੀ ਰਜਿਸਟਰੀ ’ਤੇ ਨੰਬਰ ਲਗਾਉਣ ਦੇ ਮੋਟੇ ਪੈਸੇ ਲੈ ਲਏ, ਜਿਸ ਦੀ ਸ਼ਿਕਾਇਤ ਮੁੱਖ ਮੰਤਰੀ ਹੈਲਪਲਾਈਨ ’ਤੇ ਵੀ ਚਲੇ ਜਾਣ ਬਾਰੇ ਪਤਾ ਲੱਗਾ ਹੈ।
ਬਣਦੀ ਉਜ਼ਰਤ ਜਮ੍ਹਾਂ ਕਰਵਾਉਣਾ ਵੀ ਜ਼ਰੂਰੀ ਨਹੀਂ ਸਮਝਦੇ ਕੁਝ ਪਟਵਾਰੀ
ਕੁਝ ਪਟਵਾਰੀ ਤਾਂ ਬਣਦੀ ਉਜ਼ਰਤ ਵੀ ਜਮ੍ਹਾਂ ਕਰਵਾਉਣੀ ਜ਼ਰੂਰੀ ਨਹੀਂ ਸਮਝਦੇ। ਦੋ ਵਾਰ ਵਿਜੀਲੈਂਸ ਕੇਸ ਵਿਚ ਜੇਲ੍ਹ ਦੀ ਹਵਾ ਖਾ ਚੁੱਕੇ ਪਟਵਾਰੀ ’ਤੇ ਉਜ਼ਰਤ ਚੋਰੀ ਦਾ ਕੇਸ ਵੀ ਜਲਦੀ ਚੱਲ ਸਕਦਾ ਹੈ। ਸੁਧਾਰ ਬੈਠਦੇ ਦੋ ਪਟਵਾਰੀਆਂ ਵਿਰੁੱਧ ਤਾਂ ਉਜ਼ਰਤ ਚੋਰੀ ਤੇ ਸ਼ਰ੍ਹੇਆਮ ਰਿਸ਼ਵਤ ਖੋਰੀ ਕਰਕੇ ਸਰਕਾਰ ਦੀ ਬਦਨਾਮੀ ਕਰਵਾਉਣ ਦੀ ਸ਼ਿਕਾਇਤ ਇਕ ਆਪ ਆਗੂ ਵੀ ਕਰ ਚੁੱਕਿਆ ਹੈ।
ਪਿਛਲੀ ਖ਼ਬਰ ਮਾੜੀ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਐਕਸੀਅਨ ਦਫ਼ਤਰ ਰਾਏਕੋਟ ਦਾ ਘਿਰਾਓ ਅਗਲੀ ਖ਼ਬਰ ਪ੍ਰੈੱਸ ਕਲੱਬ ਜਗਰਾਉਂ ਦੀ ਮੀਟਿੰਗ ਦੌਰਾਨ ਪੱਤਰਕਾਰਾਂ ਦੀਆਂ ਸਮੱਸਿਆਵਾਂ ’ਤੇ ਹੋਇਆ ਵਿਚਾਰ ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।