09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਰਾਜ ਮੰਤਰੀ ਨੇ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਅਜੀਤ ਡੈਸਕ 17-07-2026
ਲੁਧਿਆਣਾ, 16 ਜੁਲਾਈ (ਜਤਿੰਦਰ ਭੰਬੀ)-ਵਿਸ਼ਵ ਯੁਵਾ ਹੁਨਰ ਦਿਵਸ ਮੌਕੇ ਸਮਾਜ ਸੇਵੀ ਜਥੇਬੰਦੀ ਵਲੋਂ ਉਦਯੋਗਿਕ ਸਿਖਲਾਈ ਸੰਸਥਾ ਗਿੱਲ ਰੋਡ ਵਿਖੇ ਚਲਾਏ ਜਾ ਰਹੇ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ’ਚ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੌਂਸਲ ਵਿਕਾਸ ਅਤੇ ਉਦਯਮਤਾ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਜਯੰਤ ਚੌਧਰੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਮਲਟੀ ਸਕਿਲ ਡਿਵੈਲਪਮੈਂਟ ਸੈਂਟਰਾਂ ਦੇ ਇਸ ਕਨਵੋਕੇਸ਼ਨ ਸਮਾਗਮ ’ਚ ਜਥੇਬੰਦੀ ਦੇ ਪੰਜਾਬ ਭਰ ਦੇ ਹੁਨਰ ਵਿਕਾਸ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ 1 ਹਜ਼ਾਰ 44 ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਸਮਾਗਮ ਦੀ ਮੇਜ਼ਬਾਨੀ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਮੈਂਬਰ ਅਤੇ ਜਥੇਬੰਦੀ ਦੇ ਚੇਅਰਮੈਨ ਨੇ ਕੀਤੀ। ਇਸ ਸਮਾਗਮ ਵਿਚ ਪੰਜਾਬ ਭਰ ਤੋਂ 3 ਹਜ਼ਾਰ ਤੋਂ ਵੱਧ ਨੌਜਵਾਨਾਂ, ਉਦਯੋਗ ਜਗਤ ਦੇ ਨੁਮਾਇੰਦਿਆਂ, ਸਿੱਖਿਆ ਸੰਸਥਾਵਾਂ, ਰੁਜਗਾਰਦਾਤਾਵਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਗ ਲਿਆ। ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੁਨਰ ਵਿਕਾਸ ਅਤੇ ਰੁਜ਼ਗਾਰ ਸਿਰਜਣ ਦੇ ਖੇਤਰ ਵਿਚ ਜਥੇਬੰਦੀ ਵਲੋਂ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਦੀਆਂ ਪਹਿਲਕਦਮੀਆਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਲਈ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਵੀ ਯਕੀਨੀ ਬਣਾ ਰਹੀਆਂ ਹਨ। ਕੇਂਦਰੀ ਰਾਜ ਮੰਤਰੀ ਜਯੰਤ ਚੌਧਰੀ ਨੇ ਜਥੇਬੰਦੀ ਨੂੰ ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਖੇਤਰ ਵਿਚ ਇਕ ਮਿਸਾਲੀ ਸੰਸਥਾ ਕਰਾਰ ਦਿੰਦਿਆਂ ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਵਿਚ ਡਾ. ਸਾਹਨੀ ਦੇ ਵਿਲੱਖਣ ਯੋਗਦਾਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਸਾਹਨੀ ਨੇ ਕਿਹਾ ਕਿ ਹੁਨਰ ਵਿਕਾਸ ਅਤੇ ਰੁਜ਼ਗਾਰ ਸਿਰਜਣਾ ਪੰਜਾਬ ਵਿਚ ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਪਰਵਾਸ ਵਰਗੀਆਂ ਚੁਨੌਤੀਆਂ ਦਾ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਬਾਜ਼ਾਰ ਦੀ ਮੰਗ ਅਨੁਸਾਰ ਕੋਰਸ ਤਿਆਰ ਕਰਕੇ ਉਦਯੋਗਾਂ ਦੀਆਂ ਲੋੜਾਂ ਅਤੇ ਨੌਜਵਾਨਾਂ ਦੀਆਂ ਉਮੀਦਾਂ ਵਿਚਕਾਰ ਪਾੜੇ ਨੂੰ ਸਫਲਤਾਪੂਰਵਕ ਪੂਰਾ ਕਰ ਰਹੀ ਹੈ ਅਤੇ ਨੌਜਵਾਨਾਂ ਲਈ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਯਕੀਨੀ ਬਣਾ ਰਹੀ ਹੈ। ਸਮਾਗਮ ਦੌਰਾਨ ਪਤਵੰਤੇ ਮਹਿਮਾਨਾਂ ਨੇ ਵਰਲਡ ਸਕਿਲ ਕੈਂਪਸ ਆਫ਼ ਐਕਸੀਲੈਂਸ ਦਾ ਦੌਰਾ ਵੀ ਕੀਤਾ।
ਪਿਛਲੀ ਖ਼ਬਰ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ’ਤੇ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਬੈਂਸ ਦੀ ਗਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।